ਸੀਚੇਵਾਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਸੀਚੇਵਾਲ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਲੋਹੀਆਂ ਦਾ ਇੱਕ ਪਿੰਡ ਹੈ।[1] ਇਸ ਪਿੰਡ ਵਿੱਚ 950 ਦੇ ਕਰੀਬ ਵੋਟਰ ਹਨ। ਕਿਸੇ ਸਮੇਂ ਵਿਕਾਸ ਨੂੰ ਤਰਸਣ ਵਾਲਾ ਇਹ ਪਿੰਡ ਅੱਜ ਵਿਸ਼ਵ ਪੱਧਰ ’ਤੇ ਵਾਤਾਵਰਣ ਚੇਤਨਾ ਦੀ ਜਾਗ ਲਾਉਣ ਵਾਲਾ ਪਿੰਡ ਬਣ ਚੁੱਕਾ ਹੈ। ਪਿੰਡ ਵਾਸੀਆਂ ਨੂੰ ਵਾਤਾਵਰਣ ਚੇਤਨਾ ਦੀ ਜਾਗ ਸੰਤ ਲਾਲ ਸਿੰਘ ਦੇ ਸੀਚੇਵਾਲ ਆਉਣ ਨਾਲ ਲੱਗੀ ਸੀ। ਸੰਤ ਲਾਲ ਸਿੰਘ ਕਾਫ਼ੀ ਸੂਝ-ਬੂਝ ਤੇ ਦਿਆਲੂ ਸੁਭਾਅ ਵਾਲੇ ਸਨ। ਉਨ੍ਹਾਂ ਦੇ ਕੁਦਰਤ ਪ੍ਰੇਮੀ ਹੋਣ ਕਰਕੇ ਹੀ ਸੀਚੇਵਾਲ ਵਿਚਲੀ ਨਿਰਮਲ ਕੁਟੀਆ ਮੋਰਾਂ ਦਾ ਨਿਵਾਸ ਸਥਾਨ ਬਣ ਗਈ ਸੀ। ਉਨ੍ਹਾਂ ਦੇ ਦੇਹਾਂਤ ਮਗਰੋਂ ਸੰਤ ਅਵਤਾਰ ਸਿੰਘ ਨੇ ਸਮਾਜ ਭਲਾਈ ਕੰਮਾਂ ਦੇ ਨਾਲ ਨਾਲ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ। ਕੁਟੀਆ ਨੇੜਿਉਂ ਕੰਡਿਆਲੀਆਂ ਝਾੜੀਆਂ ਪੁੱਟ ਕੇ ਅੰਬ, ਅਮਰੂਦ, ਨਾਖਾਂ ਤੇ ਕਿਨੂੰਆਂ ਦੇ ਬਾਗ਼ ਲਗਾਏ ਗਏ। ਉਨ੍ਹਾਂ ਮਗਰੋਂ ਸੰਤ ਬਲਬੀਰ ਸਿੰਘ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਟਿੱਬਿਆਂ ਨੂੰ ਪੱਧਰਾ ਕਰਵਾ ਕੇ ਰਾਹ ਬਣਵਾਏ। ਅੱਜ ਪਿੰਡ ਸੀਚੇਵਾਲ ਨੂੰ ਹਰ ਪਾਸਿਓਂ ਪੱਕੀਆਂ ਸੜਕਾਂ ਨਾਲ ਜੋੜਿਆ ਗਿਆ ਹੈ। ਪਿੰਡ ਦੀਆਂ ਗਲੀਆਂ-ਨਾਲੀਆਂ ਪੱਕੀਆਂ ਹਨ। ਸੀਵਰੇਜ ਦਾ ਪਾਣੀ ਛੱਪੜ ਵਿੱਚ ਇੱਕਠਾ ਕਰਕੇ ਖੇਤੀ ਲਈ ਵਰਤਿਆ ਜਾਂਦਾ ਹੈ ਜੋ ਵਰਦਾਨ ਸਾਬਿਤ ਹੋ ਰਿਹਾ ਹੈ। ਹੁਣ ਬਹੁਤ ਸਾਰੇ ਪਿੰਡ ਸੀਚੇਵਾਲ ਦੀ ਦੇਸੀ ਪਰ ਭਰੋਸੇਯੋਗ ਸੀਵਰੇਜ ਤਕਨੀਕ ਤੋਂ ਸੇਧ ਲੈ ਰਹੇ ਹਨ। ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਇਲਾਕੇ ਵਿੱਚ ਵਿੱਦਿਆ ਦਾ ਚਾਨਣ ਵੰਡ ਰਿਹਾ ਹੈ। ਇੱਥੇ ਨਿਰਮਲ ਕੁਟੀਆ ਨਰਸਰੀ ਵੀ ਹੈ ਜਿੱਥੇ ਸਕੂਲ ਅਤੇ ਕਾਲਜ ਦੇ ਬੱਚੇ ਪੌਦੇ ਉਗਾਉਂਦੇ ਹਨ ਅਤੇ ਹਰ ਸਾਲ ਤਕਰੀਬਨ ਇੱਕ ਲੱਖ ਬੂਟੇ ਅੱਗੇ ਵੰਡੇ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਮੇਂ ਨਿਰਮਲ ਕੁਟੀਆ ਦੇ ਪ੍ਰਬੰਧਕਾਂ ਅਤੇ ਇਲਾਕਾ ਵਾਸੀਆਂ ਵੱਲੋਂ ਨਗਰ ਕੀਰਤਨ ਸਜਾਏ ਜਾਂਦੇ ਹਨ। ਸੰਤ ਅਵਤਾਰ ਸਿੰਘ ਯਾਦਗਾਰੀ ਖੇਡ ਸਟੇਡੀਅਮ ਵਿੱਚ ਹਰ ਸਾਲ ਤਿੰਨ ਟੂਰਨਾਮੈਂਟ ਅਤੇ ਛਿੰਝ ਕਰਵਾਏ ਜਾਂਦੇ ਹਨ। ਹਾਕੀ ਦੇ ਖਿਡਾਰੀਆਂ ਲਈ ਵੱਖਰੇ ਮੈਦਾਨ ਦਾ ਵੀ ਪ੍ਰਬੰਧ ਹੈ। ਨੌਜਵਾਨਾਂ ਵੱਲੋਂ ਖੇਡ ਕਲੱਬ ਅਤੇ ਮਹਿਲਾਵਾਂ ਵੱਲੋਂ ਮਾਤਾ ਚੰਨਣ ਕੌਰ ਮਹਿਲਾ ਮੰਡਲ ਬਣਾਇਆ ਹੋਇਆ ਹੈ। ਸੰਤ ਬਲਬੀਰ ਸਿੰਘ ਦੀ ਅਗਵਾਈ ਕਰਕੇ ਸੀਚੇਵਾਲ ਨੂੰ ਰਾਸ਼ਟਰਪਤੀ ਵੱਲੋਂ ਨਿਰਮਲ ਗ੍ਰਾਮ ਪੁਰਸਕਾਰ ਵੀ ਮਿਲ ਚੁੱਕਿਆ ਹੈ। ਪੰਜਾਬ ਦੇ ਪਿੰਡਾਂ ਵਿੱਚੋਂ ਚੌਵੀ ਘੰਟੇ ਚੱਲਣ ਵਾਲਾ ਪਹਿਲਾ ਕਮਿਊਨਿਟੀ ਰੇਡੀਓ ਸਟੇਸ਼ਨ ‘ਅਵਤਾਰ ਕਮਿਊਨਿਟੀ ਰੇਡੀਓ’ ਇੱਥੇ ਮੌਜੂਦ ਹੈ ਜੋ ਇਲਾਕੇ ਵਿੱਚ ਵਾਤਾਵਰਣ, ਸਿਹਤ ਤੇ ਸਿੱਖਿਆ ਸਬੰਧੀ ਜਾਗਰੂਕਤਾ ਫੈਲਾ ਰਿਹਾ ਹੈ। ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਪਿੰਡ ਵਿੱਚ ਨਾਨਕ ਹੱਟ ਹੈ। ਇਸ ਤੋਂ ਇਲਾਵਾ ਪਟਵਾਰਖਾਨਾ, ਧਰਮਸ਼ਾਲਾ, ਟੈਲੀਫੋਨ ਐਕਸਚੇਂਜ, ਪੰਚਾਇਤ ਘਰ ਤੇ ਸਾਂਝੇ ਸਮਾਗਮਾਂ ਲਈ ਵੱਡਾ ਹਾਲ ਹੈ। ਸੀਚੇਵਾਲ ਵਿੱਚ ਦੋ ਗੁਰਦੁਆਰੇ ਹਨ। ਇਸ ਤੋਂ ਇਲਾਵਾ ਸਵਾਮੀ ਸ਼ਰਧਾ ਨੰਦ ਆਸ਼ਰਮ, ਬਾਬਾ ਵਿਸ਼ਵਕਰਮਾ ਜੀ ਦਾ ਮੰਦਰ, ਬਾਬਾ ਗੰਗਾ ਰਾਮ ਜੀ ਤੇ ਬਾਬਾ ਯਮਈ ਸ਼ਾਹ ਦੇ ਸਥਾਨ ਵੀ ਹਨ। ਸੀਚੇਵਾਲ ਦੇ ਵਿਕਾਸ ਕਾਰਜਾਂ ਵਿੱਚ ਸੰਤ ਸੁਖਜੀਤ ਸਿੰਘ ਦਾ ਵੀ ਅਹਿਮ ਯੋਗਦਾਨ ਹੈ। ਪਿੰਡ ਵਾਸੀਆਂ ਨੇ ਰਜਵੰਤ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੋਇਆ ਹੈ ਜੋ ਪੰਚਾਂ ਦੇ ਸਹਿਯੋਗ ਨਾਲ ਵਿਕਾਸ ਕਾਰਜਾਂ ਲਈ ਯਤਨਸ਼ੀਲ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ