ਸਾਹਿਬਜ਼ਾਦੇ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Merge

ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੁਰੂ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। 22 ਦਸੰਬਰ ਅਤੇ 27 ਦਸੰਬਰ 1704 ਨੂੰ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ (17 ਸਾਲ) ਅਤੇ ਬਾਬਾ ਜੁਝਾਰ ਸਿੰਘ (13 ਸਾਲ) ਚਮਕੌਰ ਦੀ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ (9 ਸਾਲ) ਅਤੇ ਬਾਬਾ ਫ਼ਤਹਿ ਸਿੰਘ (7 ਸਾਲ) ਸੂਬਾ ਸਰਹਿੰਦ ਦੀ ਕੈਦ ਵਿੱਚ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ਮੈਥਿਲੀ ਸ਼ਰਣ ਗੁਪਤ ਨੇ ਲਿਖਿਆ ਹੈ-

ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ। ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ॥

ਮੁਗਲ ਸ਼ਾਸਨ ਦੇ ਨਾਲ-ਨਾਲ ਹਿੰਦੂ ਕੱਟੜਵਾਦ ਵੀ ਖਾਲਸੇ ਦੇ ਸਿਧਾਂਤ ਅਤੇ ਸਰੂਪ ਤੋਂ ਅਪ੍ਰਸੰਨ ਸੀ। ਇਸ ਲਈ ਪਹਾੜੀ ਰਾਜਿਆਂ ਅਤੇ ਹੋਰ ਉੱਚ ਜਾਤੀ ਹਿੰਦੂ ਸਮਾਜ ਵੱਲੋਂ ਖ਼ਾਲਸੇ ਦੀ ਸਾਜਨਾ ਦਾ ਵਿਰੋਧ ਕੀਤਾ ਗਿਆ ਸੀ। ਕਈ ਥਾਵਾਂ ਤੇ ਹਿੰਦੂਆਂ ਤੇ ਸਿੱਖਾਂ ਵਿੱਚ ਤਣਾਅ ਵੀ ਪੈਦਾ ਹੋ ਗਿਆ ਸੀ। ਪਹਾੜੀ ਰਾਜੇ ਤੇ ਸੂਬਾ ਸਰਹਿੰਦ ਗੁਰੂ ਜੀ ਦੇ ਵਿਰੁੱਧ ਇਕਜੁਟ ਹੋ ਗਏ ਸਨ। 1704 ਵਿੱਚ ਦੋਵੇਂ ਫ਼ੌਜਾਂ ਨੇ ਰਲ ਕੇ ਅਨੰਦਪੁਰ ਨੂੰ ਘੇਰਾ ਪਾ ਲਿਆ। ਘੇਰਾ ਲੰਮਾ ਹੋਣ ਤੇ ਦੁਸ਼ਮਣ ਵੱਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ। ਸਮਝੌਤੇ ਦੀ ਸ਼ਰਤ ਇਹ ਸੀ ਕਿ ਇੱਕ ਵਾਰ ਗੁਰੂ ਜੀ ਅਨੰਦਪੁਰ ਛੱਡ ਦੇਣ ਉਹਨਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ। ਇਸ ਬਾਰੇ ਲਿਖਤੀ ਕਸਮਾਂ ਵੀ ਗੁਰੂ ਜੀ ਨੂੰ ਭੇਜੀਆਂ ਗਈਆਂ। ਗੁਰੂ ਜੀ ਨੇ ਜ਼ਫ਼ਰਨਾਮੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਜੇ ਤੂੰ ਕੁਰਾਨ ਦੀਆਂ ਲਿਖਤੀ ਕਸਮਾਂ ਵੇਖਣਾ ਚਾਹੁੰਦਾ ਹੈ ਤਾਂ ਉਹ ਵੀ ਮੈਂ ਤੈਨੂੰ ਭੇਜ ਸਕਦਾ ਹਾਂ। ਗੁਰੂ ਜੀ ਦੇ ਕਿਲਾ ਖਾਲੀ ਕਰਕੇ ਜਾਣ ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਵੱਖ ਹੋ ਗਏ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ। ਇਹ ਉਹਨਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਨੂੰ ਫੜਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ 23 ਦਸੰਬਰ 1704 ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਉਸ ਰਾਤ ਉਹਨਾਂ ਨੂੰ ਕਿਲੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ 'ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਾਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਹਨਾਂ ਸ਼ੀਰ-ਖੋਰਾਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ ਯਾਰ ਖ਼ਾਂ ਜੋਗੀ ਦੇ ਸ਼ਬਦਾਂ ਵਿੱਚ-

ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ। ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।

ਕਾਜ਼ੀ ਅਤੇ ਸ਼ੇਰ ਖਾਨ ਨੇ ਇਸੇ ਤਰ੍ਹਾਂ ਦੇ ਰਵੱਈਏ ਨੂੰ ਦੇਖਦੇ ਹੋਏ ਵਜ਼ੀਰ ਖਾਨ ਦੇ ਮਨ ਵਿੱਚ ਨਰਮੀ ਆਉਣ ਲੱਗੀ ਸੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇੱਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ ਜਿਨ੍ਹਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗ਼ੀ ਸਿੱਧ ਕੀਤਾ। ਉਸ ਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਵਜ਼ੀਰ ਖਾਨ ਨੇ ਕਾਜ਼ੀ ਤੋਂ ਫਿਰ ਪੁੱਛਿਆ। ਇਸ ਵਾਰ ਕਾਜ਼ੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦੇ ਦਿੱਤਾ। ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਗਿਰ ਗਈ ਸੀ। ਬੱਚਿਆਂ ਦੇ ਫ਼ੁੱਲਾਂ ਵਰਗੇ ਸਰੀਰ ਇਸ ਚੋਟ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਸਨ। ਇਸ ਤੋਂ ਬਾਅਦ 27 ਦਸੰਬਰ ਨੂੰ ਬੱਚਿਆਂ ਨੂੰ ਕਚਹਿਰੀ ਵਿੱਚ ਫਿਰ ਪੇਸ਼ ਕੀਤਾ ਗਿਆ। ਉਹਨਾਂ ਨੂੰ ਫਿਰ ਦੀਨ ਕਬੂਲਣ ਲਈ ਦਬਾਅ ਪਾਇਆ ਗਿਆ ਪਰ ਸਾਹਿਬਜ਼ਾਦਿਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਹਨਾਂ ਦੇ ਸਿਰ ਤੇ 10 ਪਾਤਸ਼ਾਹੀਆਂ ਦੇ ਮਹਾਨ ਕਾਰਜਾਂ ਦੀ ਜ਼ਿੰਮੇਵਾਰੀ ਦਾ ਭਾਰ ਆ ਪਿਆ ਸੀ ਉਹ ਇਸ ਨੂੰ ਹੇਠਾਂ ਨਹੀਂ ਗੇਰਨਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਦਾਦੇ ਦੀ ਤਰ੍ਹਾਂ ਸ਼ਹੀਦੀ ਪਾਉਣ ਦਾ ਪ੍ਰਣ ਕਰ ਲਿਆ। ਭਾਈ ਦੁੱਨਾ ਸਿੰਘ ਹੰਡੂਰੀਆ ਜੋ ਚਮਕੌਰ ਤੱਕ ਗੁਰੂ ਜੀ ਦੇ ਨਾਲ ਸੀ, ਇਸ ਤਰ੍ਹਾਂ ਲਿਖਦਾ ਹੈ- ਜ਼ੋਰਾਵਰ ਸਿੰਘ ਐਸੇ ਭਨੈ, ਕਿਉਂ ਭਾਈ! ਅਬ ਕਿਉਂ ਕਰ ਬਨੈ। ਫਤੇ ਸਿੰਘ ਤਬ ਕਹਯੋ ਬਖਾਨ, 'ਦਸ ਪਾਤਸ਼ਾਹੀ ਹੋਵਹਿ ਹਾਨ। ਹੁਣ ਬੱਚਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ। ਦੋ ਜਲਾਦਾਂ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗਲਾਂ ਵਿੱਚ ਖੰਜਰ ਖੋਭੇ, ਤੜਫਾ ਤੜਫਾ ਕੇ ਸ਼ਹੀਦ ਕੀਤਾ ਗਿਆ ਸੀ। ਇਹ ਸਾਰਾ ਤਸ਼ੱਦਦ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ।। ਸਾਹਿਬਜ਼ਾਦਿਆਂ ਦੀ ਸ਼ਹੀਦੀ ਮਹਿਜ਼ ਸ਼ਹੀਦੀ ਨਹੀਂ ਸਗੋਂ ਇਸ ਤੋਂ ਵੀ ਬਹੁਤ ਵੱਧ ਸੀ। ਉਹਨਾਂ ਨੂੰ ਮਾਨਸਿਕ ਤੌਰ 'ਤੇ ਭਰਮਾਉਣ ਦਾ ਯਤਨ ਕੀਤਾ ਗਿਆ ਸੀ। ਕਈ ਵਾਰ ਮੌਤ ਦੇ ਭੈ ਨਾਲ ਡਰਾਇਆ ਗਿਆ ਸੀ ਅਤੇ ਉਹਨਾਂ ਨੇ ਜਬਰ ਦਾ ਮੂੰਹ ਮੋੜ ਕੇ ਦਸਾਂ ਪਾਤਸ਼ਾਹੀਆਂ ਦੀ ਸ਼ਾਨ ਨੂੰ ਕਾਇਮ ਰੱਖਿਆ ਅਤੇ ਖ਼ਾਲਸਾ ਪੰਥ ਨੂੰ ਫ਼ਤਹਿ ਦਿਵਾਈ। ਗੁਰੂ ਜੀ ਦੇ ਬੱਚਿਆਂ ਨੂੰ ਇਸ ਮਕਸਦ ਨਾਲ ਕਤਲ ਕੀਤਾ ਗਿਆ ਸੀ ਕਿ ਗੁਰਮਤਿ ਦਾ ਦੀਪਕ ਇਸ ਜਗਤ ਵਿੱਚੋਂ ਬੁਝ ਜਾਵੇਗਾ। ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਗੁਰਮਤਿ ਦੀ ਅਖੰਡ ਜੋਤੀ ਤਾਂ ਖ਼ਾਲਸੇ ਦੇ ਦਿਲਾਂ ਵਿੱਚ ਪ੍ਰਵੇਸ਼ ਕਰ ਗਈ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਸੰਗਤ ਵੱਲ ਇਸ਼ਾਰਾ ਕਰਦੇ ਕਿਹਾ ' ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ,ਚਾਰ ਮੁਏ ਤੋ ਕਿਆ ਹੁਆ, ਜੀਵਤ ਕਈ ਹਜ਼ਾਰ||