ਸਫ਼ਰਨਾਮੇ ਦਾ ਇਤਿਹਾਸ

ਭਾਰਤਪੀਡੀਆ ਤੋਂ
Jump to navigation Jump to search

ਸਫ਼ਰਨਾਮੇ ਦਾ ਇਤਿਹਾਸ ਸਫ਼ਰਨਾਮਿਆਂ ਦਾ ਪਰੰਪਰਾ ਸਾਹਿਤ ਵਿੱਚ ਆਦਿ ਕਾਲ ਤੋਂ ਚਲੀ ਆ ਰਹੀ ਹੈ। ਭਾਰਤੀ ਸਾਹਿਤ ਵਿੱਚ ਸਭ ਤੋਂ ਪਹਿਲਾ ਸਫ਼ਰਨਾਮਿਆਂ ਦੀ ਝਲਕ ਸੰਸਕ੍ਰਿਤ ਸਾਹਿਤ ਵਿੱਚ ਦੇਖਣ ਜਾਂ ਪੜ੍ਹਨ ਨੂੰ ਮਿਲਦੀ ਹੈ। ਪੂਰਵ ਇਤਿਹਾਸਕ ਕਾਲ ਵਿੱਚ ਮਨੁੱਖ ਦੀ ਯਾਤਰਾ ਕਰਨ ਦੀ ਪ੍ਰਵਿਰਤੀ ਦੀ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ। ਬੁੱਧ ਧਰਮ ਦੇ ਭਿਖਸ਼ੂ ਤੇ ਭਿਕਸ਼ਣੀਆਂ, ਜੈਨ ਮਤ ਦੇ ਦਿਗੰਬਰ ਆਮ ਜਨਤਾ ਵਿੱਚ ਧਰਮ ਦਾ ਪ੍ਰਚਾਰ ਕਰਨ ਲਈ ਦੂਰ-ਦੂਰ ਤੱਕ ਯਾਤਰਾ ਕਰਦੇ ਸਨ। ਕਾਲੀਦਾਸ ਦਾ ਵਿਭਿੰਨ ਦੇਸ਼ਾਂ ਦੇ ਪ੍ਰਕਿਰਤੀ ਚਿਤਰਨ ਤੋਂ ਉਸ ਦੀ ਯਾਤਰਾ ਮਨੋਵਿਰਤੀਆਂ ਦਾ ਪਤਾ ਲਗਦਾ ਹੈ। ਅਜਨਬੀ ਅਤੇ ਬੇਗਾਨੀਆਂ ਧਰਤੀਆਂ ਦੀ ਯਾਤਰਾ ਕਰਨਾ ਵੱਖਰੇ-ਵੱਖਰੇ ਸੱਭਿਆਚਾਰਾਂ ਨੂੰ ਦੇਖਣਾ ਘੋਖਣਾ ਮਨੁੱਖ ਦੀ ਸ਼ੁਰੂ ਤੋਂ ਪ੍ਰਵਿਰਤੀ ਰਹੀ ਹੈ। ਮੈਗਸਥਨੀਜ਼, ਹਿਊਨਸਾਂਗ, ਇਬਨ ਬਤੂਤਾ, ਫਾਹੀਆਨ ਆਦਿ ਸੈਲਾਨੀ ਵਿਸ਼ਵ ਭਰ ਵਿੱਚ ਪ੍ਰਸਿਧ ਰਹੇ ਹਨ। ਇਹਨਾਂ ਨੇ ਆਪਣੀਆਂ ਯਾਤਰਾਵਾਂ ਦਾ ਵਰਣਨ ‘ਸਫ਼ਰਨਾਮਿਆਂ` ਦੇ ਰੂਪ ਵਿੱਚ ਕੀਤਾ ਹੈ ਤਾਂ ਜੋ ਲੋਕ ਬੇਗਾਨੀਆਂ ਤੇ ਅਜਨਬੀ ਧਰਤੀਆਂ ਸੱਭਿਆਚਾਰਾਂ ਬਾਰੇ ਜਾਣ ਸਕਣ ਕਿਉਂਕਿ ਸਫ਼ਨਾਮਾ ਇੱਕ ਅਜਿਹੀ ਸਿਰਜਨ ਪ੍ਰਕਿਰਿਆ ਹੈ ਜਿਸ ਵਿੱਚ ਲੇਖਕ ਆਪਣੇ ਆਪ ਨਾਲ ਜੁੜੀਆਂ ਘਟਨਾਵਾਂ ਦੇ ਰਾਹੀਂ ਆਪਣੇ ਸਮੇਂ, ਸਥਾਨ ਅਤੇ ਦੇਸ਼ ਦੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ, ਸੱਭਿਆਚਾਾਰਕ ਪ੍ਰਸਥਿਤੀਆਂ ਦਾ ਗਿਆਨ ਕਰਾਵਉਂਦਾ ਹੈ। ਆਧੁਨਿਕ ਸਮੇਂ ਵਿੱਚ ਆਵਾਜਾਈ ਦੇ ਸਾਧਨਾਂ ਵਿੱਚ ਕ੍ਰਾਂਤੀ ਆਉਣ ਅਤੇ ਸੂਚਨਾ ਤਕਨਾਲੋਜੀ ਦੇ ਵਿਕਸਿਤ ਹੋਣ ਨਾਲ ਅਸੀਂ ਦੁਨੀਆ ਦੇ ਹਰ ਕੋਨੇ ਵਿਚਲੀਆਂ ਸਰਗਰਮੀਆਂ ਤੇ ਘਟਨਾਵਾਂ ਬਾਰੇ ਸੂਚਨਾ ਪ੍ਰਾਪਤ ਕਰ ਸਕਦੇ ਹਾਂ, ਪ੍ਰੰਤੂ ਮੱਧਕਾਲ ਵਿੱਚ ਅਜਿਹਾ ਸੰਭਵ ਨਹੀਂ ਸੀ। ਇਸ ਕਰਕੇ ਸਫ਼ਰਨਾਮੇ ਨੂੰ ਦੂਜੀਆਂ ਥਾਵਾਂ ਦੀਆਂ ਸੂਚਨਾਵਾਂ ਪ੍ਰਾਪਤ ਕਰਨ ਦਾ ਪ੍ਰਮਾਣਿਕ ਸ੍ਰੋਤ ਮੰਨਿਆ ਜਾਂਦਾ ਸੀ।

ਸਫ਼ਰਨਾਮੇ ਦਾ ਸ਼ਾਬਦਿਕ ਅਰਥ

ਸਫ਼ਰਨਾਮਾ ਦੋ ਸ਼ਬਦਾਂ ਸਫ਼ਰ+ਨਾਮਾ ਦਾ ਮਿਲਵਾ ਰੂਪ ਹੈ। ‘ਸਫ਼ਰ` ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ, ‘ਯਾਤਰਾ` ਮੁਸਾਫਿ਼ਰੀ। ‘ਨਾਮਾ` ਫ਼ਾਰਸੀ ਦੇ ‘ਨੁਮਾਹਾ` ਸ਼ਬਦ ਦਾ ਵਿਕਸਿਤ ਰੂਪ ਹੈ, ਜਿਸ ਦਾ ਅਰਥ ਹੈ ਚਿੱਠੀ, ਖ਼ਤ, ਪੱਤਰ।

ਸਫਰਨਾਮਾ ਦੇ ਸਮਾਨਾਰਥਕ ਸ਼ਬਦ

ਇਸ ਦੇ ਸਮਾਨਾਰਥਕ ਸ਼ਬਦ ਹਨ, ਉਦਾਸੀ, ਸੈਰ-ਸਪਾਟਾ, ਫੇਰੀ, ਚੱਕਰ, ਸੈਰ, ਟੈ੍ਰਵਲਜ਼, Journey ਹਨ।

ਪਰਿਭਾਸ਼ਾ

ਡਾ. ਰਤਨ ਸਿੰਘ ਜੱਗੀ ਅਨੁਸਾਰ: ਸਫ਼ਰਨਾਮਾ ਤੋਂ ਭਾਵ ‘ਯਾਤਰਾ` ਵਿੱਚ ਪ੍ਰਾਪਤ ਕੀਤੇ ਅਨੁਭਵ ਨੂੰ ਜਦੋਂ ਲਿਪੀਬੁੱਧ ਰੂਪ ਦਿੱਤਾ ਜਾਂਦਾ ਹੈ ਤਾਂ ਸਫ਼ਰਨਾਮੇ ਦੀ ਰਚਨਾ ਹੁੰਦੀ ਹੈ। ਜਾਂ ਇੰਜ ਕਹੋ ਕਿ ਸਫ਼ਰ ਦੌਰਾਨ ਪ੍ਰਾਪਤ ਕੀਤੇ ਗਿਆਨ ਨੂੰ ਜਦੋਂ ਯਾਦ ਦੇ ਆਧਾਰ ਤੇ ਕਲਾਤਮਕ ਢੰਗ ਨਾਲ ਚਿਤਰਿਆ ਜਾਂਦਾ ਹੈ। ਤਾਂ ਸਫ਼ਰਨਾਮਾ ਹੋਂਦ ਵਿੱਚ ਆਉਂਦਾ ਹੈ।` ਡਾ. ਜਸਵਿੰਦਰ ਸਿੰਘ ਤੇ ਮਾਨ ਸਿੰਘ ਢੀਂਡਸਾ ਅਨੁਸਾਰ: ਸਫ਼ਰਨਾਮਾ ਵਿਸ਼ੇਸ਼ ਭਾਂਤ ਦੀ ਵਾਰਤਤਕ ਵੰਨਗੀ ਹੈ ਜਿਸ ਵਿੱਚ ਸਫ਼ਰਨਾਮਾ ਆਪਣੇ ਵਿਅਕਤੀਤਵ ਦੇ ਮਾਧਿਅਮ ਰਾਹੀਂ ਵੇਖੀ ਗਈ ਵਿਸ਼ੇਸ਼ ਥਾਂ (ਦੇਸ਼ ਤੇ ਕੋਈ ਭੂ-ਖੰਡ ਆਦਿ) ਦੀ ਸਮੁੱਚੀ ਜੀਵਨ ਪੱੱਧਤੀ ਨੂੰ ‘ਸੁਹਜਾਤਮਕ` ਰੂਪ ਵਿੱਚ ਪੇਸ਼ ਕਰਦਾ ਹੈ।`2

ਪੰਜਾਬੀ ਸਾਹਿਤ ਵਿੱਚ ਸਫਰਨਾਮਾ

ਪੰਜਾਬੀ ਦੇ ਮੱਧਕਾਲੀ ਸਾਹਿਤ ਵਿੱਚ ਸਫ਼ਰਨਾਮੇ ਦਾ ਵਿਕਾਸ ਇੱਕ ਸੁਤੰਤਰ ਸਾਹਿਤਕ ਰੂਪ ਵਜੋਂ ਨਹੀਂ ਹੋਇਆ ਸਗੋਂ ਇਹ ਦੂਜੇ ਸਾਹਿਤਕ ਰੂਪਾਂ ਦਾ ਹੀ ਇੱਕ ਅੰਗ ਹੁੰਦਾ ਸੀ। ਪੰਜਾਬੀ ਸਫ਼ਰਨਾਮਾ ਸਾਹਿਤ ਵਿੱਚ ਇਹ ਰੂਪ ਪੱਛਮੀ ਸਾਹਿਤ ਦੇ ਵਿਸ਼ੇਸ਼ ਰੂਪ ਨੂੰ ਅਪਣਾਉਣ ਕਰਕੇ ਹੋਂਦ ਵਿੱਚ ਆਇਆ। ਪੰਜਾਬੀ ਸਾਹਿਤ ਵਿੱਚ ਸਫ਼ਰਨਾਮਾ ਸਾਹਿਤ ਦੀ ਪਰੰਪਰਾ ਬਹੁਤੀ ਪੁਰਾਣੀ ਨਹੀਂ ਹੈ। ਇਹ ਵੀਹਵੀਂ ਸਦੀ ਦੀ ਦੇਣ ਹੈ ਤੇ ਇਹ ਇਸ ਸਦੀ ਦੇ ਮੁੱਢ ਵਿੱਚ ਸ਼ੁਰੂ ਹੋਈ, ਪ੍ਰੰਤੂ ਬੀਜ ਰੂਪ ਵਿੱਚ ਸਫ਼ਰਨਾਮਾ ਸਾਹਿਤ ਦੇ ਕੁਝ ਅੰਸ਼ ਜਨਮ ਸਾਖੀ ਸਾਹਿਤ ਅਤੇ ਕੁਝ ਹੋਰ ਪੋਥੀਆਂ ਵਿੱਚ ਮਿਲਦੇ ਹਨ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਬ੍ਰਿਤਾਂਤ ਵੱਖ-ਵੱਖ ਜਨਮ ਸਾਖੀਆਂ ਵਿੱਚ ਅੰਕਿਤ ਕੀਤਾ ਗਿਆ ਹੈ। ਭਾਈ ਗੁਰਦਾਸ ਦੀ ‘ਪਹਿਲੀ ਵਾਰ` ਵਿੱਚ ਗੁਰੂ ਜੀ ਦੀਆਂ ਉਦਾਸੀਆਂ ਦਾ ਜ਼ਿਕਰ ਕੀਤਾ ਗਿਆ ਹੈ। ਗੁਰੂ ਨਾਨਕ ਜੀ ਤੋਂ ਪਿਛੋਂ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਦੇ ਵੇਰਵੇ ‘ਮਾਲਵਾ ਦੇਸ਼ ਦਾ ਰਟਨ ਸਾਖੀ ਪੋਥੀ` ਵਿੱਚ ਮਿਲਦੇ ਹਨ ਜੋ ਕਿ 19ਵੀਂ ਸਦੀ ਦੇ ਅੰਤ ਦੀ ਰਚਨਾ ਹੈ। ਗੁਰਪ੍ਰਤਾਪ ਸੂਰਜ ਗ੍ਰੰਥ, ਗੁਰੂ ਤੀਰਥ ਸੰਗ੍ਰਹਿ ਅਤੇ ਕੁਝ ਹੋਰ ਧਾਰਮਿਕ ਪੋਥੀਆਂ ਵਿੱਚ ਵੀ ਗੁਰੂ ਸਾਹਿਬਾਨ ਦੀਆਂ ਯਾਤਰਾਵਾਂ ਦੇ ਵਰਵੇ ਦਿੱਤੇ ਗਏ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਦੂਰ-ਦੂਰ ਤੱਕ ਦੇ ਪ੍ਰਦੇਸ਼ਾਂ ਦੀ ਯਾਤਰਾ ਕੀਤੀ ਜਿਨ੍ਹਾਂ ਦਾ ਵੇਰਵਾ ਕਲਗੀਧਰ ਚਮਤਕਾਰ, ਸਫ਼ਰਨਾਮਾ ਅਤੇ ਜਫ਼ਰਨਾਮਾ ਵਿੱਚ ਅੰਕਿਤ ਹੈ। ਗੁਰੁੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਪੰਜਾਬੀ ਦੇ ਮੁੱਢਲੇ ਸਾਹਿਤਕ ਸਫ਼ਰਨਾਮੇ ਹਨ। ਇਸ ਅਧਿਐਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬੀ ਸਫ਼ਰਨਾਮਾ ਸਾਹਿਤ ਦਾ ਬੀਜ ਪੁਰਾਤਨ ਸਾਹਿਤ ਵਿੱਚ ਵਿਦਮਾਨ ਸੀ। ਪ੍ਰੰਤੂ ਵਿਧੀਗਤ ਢੰਗ ਨਾਲ ਇਹ 20ਵੀਂ ਸਦੀ ਵਿੱਚ ਹੋੋਂਦ ਵਿੱਚ ਆਇਆ। ਪੰਜਾਬੀ ਸਾਹਿਤ ਵਿੱਚ ਪੰਜਾਬੀ ਦੇ ਪਹਿਲੇ ਸਫ਼ਰਨਾਮਾ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ। ਪੰਜਾਬੀ ਸਫ਼ਰਨਾਮੇ ਦੇ ਪਹਿਲੀ ਪੁਸਤਕ ਦੇ ਰੂਪ ਵਿੱਚ ਮੁੱਢਲੀ ਕੋਸ਼ਿਸ਼ ਕਿਸੇ ਅਗਿਆਤ ਈਸਾਈ ਮਿਸ਼ਨਰੀ ਵਲੋਂ ਲਿਖੀ ‘ਏਸ਼ੀਆ ਦੀ ਸੈਲ` (1898) ਨੂੰ ਮੰਨਿਆ ਹੈ। ਪੁਸਤਕ ਦੇ ਸਿਰਲੇਖ ਵਿਚਲੇ ‘ਸੈਲ` ਸ਼ਬਦ ਤੋਂ ਕਈ ਵਿਦਵਾਨਾਂ ਨੇ ਇਸਨੂੰ ਸਫ਼ਰਨਾਮਿਆਂ ਦੀ ਕੋਟੀ ਵਿੱਚ ਰੱਖਿਆ ਹੈ, ਪ੍ਰੰਤੂ ਇਹ ਕੋਈ ਸੈਲ ਜਾਂ ਯਾਤਰਾ ਨਹੀਂ ਕਿਉਂਕਿ ਘਰ ਬੈਠ ਕੇ ਕੀਤੀ ਗਈ ਰਚਨਾ ਹੈ ਇਸ ਲਈ ਇਸਨੂੰ ਪਹਿਲਾ ਸਫ਼ਰਨਾਮਾ ਨਹੀਂ ਮੰਨਿਆ ਜਾ ਸਕਦਾ। ਕੁਝ ਵਿਦਵਾਨ ਪੰਜਾਬੀ ਸਫ਼ਰਨਾਮੇ ਦਾ ਆਰੰਭ ਭਾਈ ਕਾਨ੍ਹ ਸਿੰਘ ਨਾਭਾ ਅਤੇ ਕੁਝ ਲਾਲ ਸਿੰਘ ਕਮਲਾ ਅਕਾਲੀ ਦੇ ਮੇਰਾ ਵਲਾਇਤੀ ਸਫ਼ਰਨਾਮਾ ਤੋਂ ਮੰਨਦੇ ਹਨ। ਇਸ ਸੰਬੰਧੀ ਕੁਝ ਵਿਦਵਾਨਾਂ ਦੇ ਵਿਚਾਰ ਹੇਠ ਲਿਖੇ ਅਨੁਸਾਰ ਹਨ। ਡਾ. ਗੋਬਿੰਦ ਸਿੰਘ ਲਾਂਬਾ ਅਨੁਸਾਰ: “ਵਾਰਤਕ ਵਿੱਚ ਪੰਜਾਬੀ ਸਫ਼ਰਨਾਮੇ ਦਾ ਮੁੱਢ ਲਾਲ ਸਿੰਘ ਕਮਲਾ ਅਕਾਲੀ ਦੇ ਮੇਰਾ ਵਲਾਇਤੀ ਸਫ਼ਰਨਾਮਾ ਤੋਂ ਬੱਝਿਆ ਮੰਨਿਆ ਜਾਂਦਾ ਹੈ” ਪਰ ਇਹ ਗੱਲ ਠੀਕ ਨਹੀਂ। ਭਾਵੇਂ ਪ੍ਰਕਾਸ਼ਿਤ ਰੂਪ ਵਿੱਚ ਇਹੋ ਸਫ਼ਰਨਾਮਾ ਪਾਠਕਾਂ ਦੇ ਸਾਹਮਣੇ ਆਇਆ, ਇਹ ਸਫ਼ਰਨਾਮਾ 1927 ਵਿੱਚ ਲਿਖਿਆ ਗਿਆ ਪ੍ਰੰਤੂ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ, ਜੋ 1907-1908 ਈ. ਵਿੱਚ ਵਲੈਤ ਰਾਏ ਤੇ ਉਸ ਤੋਂ ਪਹਿਲਾਂ ਬਾਈਧਾਰ ਦੀਆਂ ਪਹਾੜੀ ਰਿਆਸਤਾਂ ਤੋਂ ਕਾਬਲ ਆਦਿ ਥਾਵਾਂ ਦੀ ਯਾਤਰਾ ਕੀਤੀ, ਨੇ ਵੀ ਚਾਰ ਸਫ਼ਰਨਾਮੇ ਉਦੋਂ ਹੀ ਲਿਖੇ।3 ਡਾ. ਰਛਪਾਲ ਕੌਰ ਅਨੁਸਾਰ: ਮੇਰੇ ਵਿਚਾਰ ਅਨੁਸਾਰ ਇਹ ਕਿਸੇ ਪਜਾਬੀ ਲੇਖਕ ਦੇ ਲਿਖੇ ਹੋਏ ਪਹਿਲੇ ਸਫ਼ਰਨਾਮੇ ਹਨ ਜਿਸ ਵਿੱਚ ਬਿਆਨ ਉੱਤਮ ਪੁਰਖ ਵਿੱਚ ਹੈ, ਕਿਉ ਜੋ ਕਰਤਾ ਆਪ ਪੱਤਰਾਂ ਰਾਹੀਂ ਯਾਤਰਾ ਸਥਾਨਾਂ ਦੇ ਸਮਾਚਾਰਾਂ ਦੇ ਵੇਰਵਿਆਂ ਦਾ ਉੱਤਮ ਪੁਰਖੀ ਵਰਣਨ ਤੇ ਬਿਰਤਾਂਤ ਦੇ ਰਿਹਾ ਹੈ। ਇਸ ਦਾ ਰਚਨਾ ਕਾਲ ਵੀਹਵੀਂ ਸਦੀ ਦਾ ਪਹਿਲਾ ਦਹਾਕਾ ਹੈ।4 ਇਹਨਾਂ ਵਿਦਵਾਨਾਂ ਦੇ ਅਨੁਸਾਰ ਭਾਈ ਕਾਨ੍ਹ ਸਿੰਘ ਨਾਭਾ ਤੋਂ ਪੰਜਾਬੀ ਸਫ਼ਰਨਾਮੇ ਦਾ ਆਰੰਭ ਮੰਨਿਆ ਗਿਆ ਹੈ। ਤੇ ਪਹਿਲਾ ਸਫ਼ਰਨਾਮਾ ‘ਪਹਾੜੀ ਰਿਆਸਤ ਦਾ ਸਫ਼ਰਨਾਮਾ` (1906) ਹੈ। ਸਤਿੰਦਰ ਸਿੰਘ ਅਨੁਸਾਰ: ਮੇਰਾ ਵਲਾਇਤੀ ਸਫ਼ਰਨਾਮਾ ਰਚਿਤ ਲਾਲ ਸਿੰਘ ਕਮਲਾ ਅਕਾਲੀ ਪੰਜਾਬੀ ਦਾ ਪਹਿਲਾ ਮਿਆਰੀ ਸਫ਼ਰਨਾਮਾ ਹੈ।5 ਡਾ.ਜਸਵਿੰਦਰ ਸਿੰਘ ਤੇ ਮਾਨ ਸਿੰਘ ਢੀਂਡਸਾ ਅਨੁਸਾਰ: ਪੰਜਾਬੀ ਵਾਰਤਕ ਵਿੱਚ ਸਫ਼ਰਨਾਮੇ ਦਾ ਆਰੰਭ ਲਾਲ ਸਿੰਘ ਕਮਲਾ ਅਕਾਲੀ ਦੇ ‘ਮੇਰਾ ਵਲਾਇਤੀ ਸਫ਼ਰਨਾਮਾ` ਤੋ ਮੰਨਦੇ ਹਨ। ਸਭ ਤੋਂ ਵੱਧ ਪ੍ਰਮਾਣਿਤ ਵਿਚਾਰ ਲਾਲ ਸਿੰਘ ਕਮਲਾ ਅਕਾਲੀ ਦੇ ‘ਮੇਰਾ ਵਲਾਇਤੀ ਸਫ਼ਰਨਾਮਾ` ਨਾਲ ਹਨ। ਲਾਲ ਸਿੰਘ ਕਮਲਾ ਅਕਾਲੀ ਦਾ ਮੇਰਾ ਵਲਾਇਤੀ ਸਫ਼ਰਨਾਮਾ ਜੋ ਕਿ 1927 ਤੋਂ 1929 ਤੱਕ ਕਿਸਤਾਂ ਵਿੱਚ ਮੈਗਜ਼ੀਨ ਵਿੱਚ ਛਪਦਾ ਰਿਹਾ ਅਤੇ 1931 ਵਿੱਚ ਸੰਪੂਰਨ ਰੂਪ `ਚ ਪ੍ਰਕਾਸ਼ਿਤ ਹੋ ਕੇ ਸਾਹਮਣੇ ਆਇਆ। ਜਦਕਿ ਭਾਈ ਕਾਨ੍ਹ ਸਿੰਘ ਨਾਭਾ ਨੇ 1906 ਈ. ਵਿੱਚ ‘ਪਹਾੜੀ ਰਿਆਸਤ ਦਾ ਸਫ਼ਰਨਾਮਾ ਲਿਖਿਆ ਜੋਕਿ 1983-84 ਵਿੱਚ ਹੋਇਆ ਅਤੇ ਭਾਵੇਂ ਕਿ ਇਹ ਚਿੱਠੀ ਰੂਪ ਵਿੱਚ ਹੈ ਤੇ ਸਫ਼ਰਨਾਮੇ ਦੀ ਵਿਧਾ ਵਿੱਚ ਨਹੀਂ ਲਿਖਿਆ। ਜਦੋਂ ਚਿੱਠੀ ਰੂਪ ਵਿੱਚ ਸਫ਼ਰਨਾਮੇ ਦਾ ਜ਼ਿਕਰ ਕੀਤਾ ਜਾਵੇ ਤਾਂ ਇਸਨੂੰ ਇੱਕ ਤਰ੍ਹਾਂ ਦਾ ਸਫ਼ਰਨਾਮਾ ਹੀ ਕਿਹਾ ਜਾਵੇਗਾ। ਭਾਵੇਂ ਕਿ ਲਾਲ ਸਿੰਘ ਕਮਲਾ ਅਕਾਲੀ ਦਾ ਸਫ਼ਰਨਾਮਾ ਪਹਿਲਾਂ ਪ੍ਰਕਾਸ਼ਿਤ ਰੂਪ ਵਿੱਚ ਸਾਹਮਣੇ ਆਉਂਦਾ ਹੈ। ਪ੍ਰੰਤੂ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਸਫ਼ਰਨਾਮੇ ਦੀ ਰਚਨਾ ਚਿੱਠੀ ਰੂਪ ਵਿੱਚ 1906 ਈ. ਵਿੱਚ ਕਰ ਦਿੱਤੀ ਸੀ। ਇਸ ਲਈ ਮੇਰੇ ਵਿਚਾਰ ਅਨੁਸਾਰ ਭਾਈ ਕਾਨ੍ਹ ਸਿੰਘ ਨਾਭਾ ਦੇ ‘ਪਹਾੜੀ ਰਿਆਸਤ ਦਾ ਸਫ਼ਰਨਾਮੇ` ਨੂੰ ਪੰਜਾਬੀ ਵਾਰਤਕ ਸਾਹਿਤ ਦਾ ਪਹਿਲਾ ਸਫ਼ਰਨਾਮਾ ਮੰਨਿਆ ਜਾਣਾ ਚਾਹੀਦਾ ਹੈ। ਪੰਜਾਬੀ ਵਿੱਚ ਬਹੁਤ ਸਾਰੇ ਸਫ਼ਰਨਾਮੇ ਲਿਖ ਗਏ ਜਿਨ੍ਹਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ।

  • 1) ਪਹਾੜੀ ਰਿਆਸਤ ਦਾ ਸਫ਼ਰਨਾਮਾ:

ਇਸ ਦੀ ਰਚਨਾ ਭਾਈ ਕਾਨ੍ਹ ਸਿੰਘ ਨਾਭਾ ਨੇ 1906 ਈ. ਵਿੱਚ ਕੀਤੀ ਅਤੇ ਇਹ ਚਿੱਠੀਆਂ ਦੇ ਰੂਪ ਵਿੱਚ ਲਿਖਿਆ ਸਫ਼ਰਨਾਮਾ ਹੈ। ਲਘੂ ਰੂਪ ਵਿੱਚ ਹੋਣ ਦੇ ਬਾਵਜੂਦ ਇਸ ਵਿੱਚ ਪਹਾੜ ਦੀਆਂ ਹਸੀਨ ਵਾਦੀਆਂ, ਕੁਦਰਤੀ ਨਜ਼ਾਰਿਆਂ, ਤਿਉਹਾਰਾਂ ਆਦਿ ਦੇ ਗਿਆਨ ਨੂੰ ਰੌਚਕ ਢੰਗ ਨਾਲ ਪੇਸ਼ ਕੀਤਾ ਗਿਆ ਹੈ ਪ੍ਰੰਤੂ ਇਹ 1983 ਵਿੱਚ ਪ੍ਰਕਾਸ਼ਿਤ ਰੂਪ ਵਿੱਚ ਸਾਹਮਣੇ ਆਇਆ।

  • 2) ਵਲਾਇਤ ਦਾ ਸਫ਼ਰਨਾਮਾ:

ਭਾਈ ਕਾਨ੍ਹ ਸਿੰਘ ਨਾਭਾ ਨੇ ਵਲਾਇਤ ਯਾਤਰਾ ਬਾਰੇ ਦੋ ਸਫ਼ਰਨਾਮੇ 1907 ਈ. ਤੇ 1908 ਵਿੱਚ ਲਿਖੇ। ਇਨ੍ਹਾਂ ਵਿੱਚ ਇੰਗਲੈਂਡ ਤੇ ਮਹੱਤਵਪੂਰਨ ਸਥਾਨਾਂ ਦਾ ਯਥਾਰਥਕ ਇਤਿਹਾਸਕ ਵਰਣਨ ਮਿਲਦਾ ਹੈ। ਇਨ੍ਹਾਂ ਵਿੱਚ ਵੀ ਪੱਤਰ, ਡਾਇਰੀ ਰੂਪ ਦੀ ਵਰਤੋਂ ਕੀਤੀ ਗਈ ਹੈ ਅਤੇ ਪਹਿਲੇ ਸਫ਼ਰਨਾਮੇ ਵਿੱਚ ਵਧੇੇਰੇ ਵਿਸਤਾਰ ਅਤੇ ਦੂਜਾ ਸੰਖੇਪ ਹੈ। ਇਹਨਾਂ ਵਿੱਚ ਅੰਗਰੇਜੀ ਜੀਵਨ ਤੇ ਸੱਭਿਆਚਾਰ ਦੇ ਸੰਪਰਕ ਤੋਂ ਉਪਜੇ ਅਨੁਭਵ ਅਤੇ ਪ੍ਰਤੀਕਰਮ ਆਦਿ ਦੀ ਪ੍ਰਭਾਵਸ਼ਾਲੀ ਜਾਣਕਾਰੀ ਮਿਲਦੀ ਹੈ। ਲੇਖਕ ਦੀ ਨੈਤਿਕ, ਅਧਿਆਤਮਕ ਬਿਰਤੀ ਅਤੇ ਸ਼ਰਧਾ ਦਾ ਪ੍ਰਭਾਵ ਥਾਂ-ਥਾਂ `ਤੇ ਮਿਲਦਾ ਹੈ। ਇਹ ਆਪਣੇ ਰਚਨਾ ਕਾਲ ਤੋਂ ਕਾਫ਼ੀ ਬਾਅਦ ਵਿੱਚ ਪ੍ਰਕਾਸ਼ਿਤ ਹੋਏ।

  • 3) ਬਰਮ੍ਹਾ ਦੀ ਸੈਰ:

ਇਸ ਦੀ ਰਚਨਾ ਸੂਰਜ ਸਿੰਘ ਨੇ 1908 ਈ. ਵਿੱਚ ਕੀਤੀ ਅਤੇ ਇਸ ਵਿੱਚ ਬਰਮ੍ਹਾ ਦੇ ਸਿੱਖਾਂ ਵਿੱਚ ਪੰਥ ਪ੍ਰਚਾਰ ਅਤੇ ਲੇਖਕ ਨੇ ਸਫ਼ਰ ਦੌਰਾਨ ਵਾਪਰੀਆਂ ਘਟਨਾਵਾਂ ਅਤੇ ਸਮਾਚਾਰਾਂ ਦਾ ਸੁੱਚਜੇ ਢੰਗ ਨਾਲ ਵੇਰਵਾ ਦਿੱਤਾ ਹੈ

  • 4) ਦੁਨੀਆ ਦੀ ਸੈਰ:

ਗੁਰਬਖਸ਼ ਸਿੰਘ ਨੌਰੰਗ ਨੇ 1929 ਈ. ਵਿੱਚ ਇਸ ਸਫ਼ਰਨਾਮੇ ਦੀ ਰਚਨਾ ਕੀਤੀ ਅਤੇ ਇਸ ਵਿੱਚ ਸੰਸਾਰ ਦੇ ਬਹੁਤੇ ਸਾਰੇ ਦੇਸ਼ਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਵਿਸਤ੍ਰਿਤ ਸੈਰ ਦੇ ਆਧਾਰ `ਤੇ ਵੱਖ-ਵੱਖ ਥਾਵਾਂ ਦੀ ਭੂਗੋਲਿਕ ਅਤੇ ਇਤਿਹਾਸਕ ਜਾਣਕਾਰੀ ਦਾ ਜ਼ਿਕਰ ਕੀਤਾ ਗਿਆ ਹੈ।

  • 5) ਮੇਰਾ ਵਲਾਇਤੀ ਸਫ਼ਰਨਾਮਾ:

ਲਾਲ ਸਿੰਘ ਕਮਲਾ ਅਕਾਲੀ ਦਾ ਇਹ ਸਫ਼ਰਨਾਮਾ 1931 ਵਿੱਚ ਪ੍ਰਕਾਸ਼ਿਤ ਰੂਪ ਵਿੱਚ ਸਾਹਮਣੇ ਆਇਆ। ਇਸ ਤੋਂ ਪਹਿਲਾ ਇਹ 1927 ਤੋਂ 1929 ਦੇ ਸਮੇਂ ਦੌਰਾਨ ‘ਫੁਲਵਾੜੀ` ਮਾਸਿਕ ਮੈਗਜ਼ੀਨ ਵਿੱਚ ਕਿਸ਼ਤਾਂ ਵਿੱਚ ਛਪਦਾ ਰਿਹਾ। ਇਸ ਰਚਨਾ ਦਾ ਸੰਬੰਧ ਯੂਰਪੀ ਦੇਸ਼ ਇੰਗਲੈਂਡ, ਫਰਾਂਸ, ਜਰਮਨ, ਸਵਿਟਰਜ਼ਰਲੈਂਡ ਆਦਿ ਨਾਲ ਹੈ। ਇਸ ਰਾਹੀਂ ਪੰਜਾਬੀ ਸਫ਼ਰਨਾਮੇ ਦਾ ਵਿਧੀਗਤ ਢੰਗ ਨਾਲ ਮੁੱਢ ਬੱਝਿਆ ਲੇਖਕ ਨੇ ਧਾਰਮਿਕ ਬਿਰਤੀ ਦੀ ਥਾਂ ਜਿੱਥੇ ਇੰਗਲੈਂਡ ਅਤੇ ਯੂਰਪ ਦੀ ਪਦਾਰਥਵਾਦੀ ਸਭਿਅਤਾ ਬਾਰੇ ਚਰਚਾ ਕਰਦੇ ਹੋਏ ਭਾਰਤ ਦੇ ਦਿਖਾਵੇ ਵਾਲੇ ਢੰਗ ਨੂੰ ਪੇਸ਼ ਕੀਤਾ ਹੈ, ਉਥੇ ਹੀ ਪੱਛਮੀ ਜੀਵਨ ਸ਼ੈਲੀ ਦੀ ਅੰਦਰੂਨੀ ਝਲਕ ਵੀ ਵਿਖਾਈ ਦਿੰਦੀ ਹੈ। ਲੇਖਕ ਨੇ ਮੌਸਮ ਸੱਭਿਆਚਾਰ, ਜੀਵਨ ਕੀਮਤਾਂ ਆਦਿ ਦੇ ਨਾਲ-ਨਾਲ ਯੂਰਪ ਦੀ ਵਿਕਸਿਤ ਤੇ ਉਦਯੋਗਿਕ ਸੱਭਿਅਤਾ ਦੇ ਪਦਾਰਥਕ ਵਿਕਾਸ ਬਾਰੇ ਜਾਣਕਾਰੀ ਦਿਤੀ ਅਤੇ ਇਸ ਵਿੱਚ ਸੰਬੋਧਨੀ ਸ਼ੇੈਲੀ ਦੀ ਵਰਤੋਂ ਕੀਤੀ ਹੈ। ਇਨ੍ਹਾਂ ਦਾ ਇੱਕ ਹੋਰ ਸਫ਼ਰਨਾਮਾ ‘ਸੈਲਾਨੀ ਦੇਸ ਭਗਤ` (1955) ਹੈ।

  • 6) ਹਜ਼ੂਰੀ ਸਾਥੀ:

ਅਕਾਲੀ ਕੌਰ ਸਿੰਘ ਨੇ ਇਸ ਦੀ ਰਚਨਾ 1933 ਵਿੱਚ ਕੀਤੀ ਅਤੇ ਇਹ ਧਾਰਮਿਕ ਸਫ਼ਰਨਾਮਾ ਹੈ, ਜਿਸ ਵਿੱਚ ਧਾਰਮਿਕ ਸਥਾਨਾਂ ਬਾਰੇ ਜਾਣਕਾਰੀ ਦਿਤੀ ਗਈ ਹੈ। ਇਸ ਵਿੱਚ ਸ਼ਰਧਾਮਈ ਤੇ ਸੰਪ੍ਰਦਾਇਕ ਬਿਰਤੀ ਦਾ ਪ੍ਰਗਟਾਵਾ ਹੋਇਆ। ਇਹ ਰਚਨਾ ਸਿੱਖ ਸੰਗਤਾਂ ਦੀ ਧਾਰਮਿਕ ਭਾਵਨਾ ਨੂੰ ਤ੍ਰਿਪਤ ਕਰਨ ਦੇ ਨਾਲ-ਨਾਲ ਧਾਰਮਿਕ ਵਿਰਸੇ ਦੇ ਮਹੱਤਵ ਨੂੰ ਵੀ ਉਜਾਗਰ ਕਰਦੀ ਹੈ।

  • 7) ਆਪਣਾ ਦੇਸ਼ ਅਤੇ ਇੱਕ ਝਾਤ ਸੋਵੀਅਤ ਰੂਸ `ਤੇ:

ਇਹ ਪਿਆਰਾ ਸਿੰਘ ਸਹਿਰਾਈ ਦੇ ਦੋ ਮਹੱਤਵਪੂਰਨ ਸਫ਼ਰਨਾਮੇ ਹਨ। ਆਪਣਾ ਦੇਸ਼ ਸਫ਼ਰਨਾਮੇ ਵਿੱਚ ਲੇਖਕ ਨੇ ਰੂਸ ਦੀ ਯਾਤਰਾ ਅਤੇ ਉਥੋ਼ ਦੀ ਤਰੱਕੀ ਬਾਰੇ ਵਿਸਤ੍ਰਿਤ ਵਰਣਨ ਕੀਤਾ ਹੈ। ਇਸ ਵਿੱਚ ਉਥੋਂ ਦੀ ਦੇਸ਼ ਭਗਤੀ ਅਤੇ ਵਤਨਪ੍ਰਸਤੀ ਬਹੁਤ ਚੰਗੀ ਲੱਗਦੀ ਹੈ ਅਤੇ ਲੇਖਕ ਨੇ ਰੂਸੀ ਸਮਾਜ ਦੇ ਸੱਭਿਆਚਾਰ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਇਹ ਸਫ਼ਰਨਾਮਾ 1942 ਵਿੱਚ ਰਚਿਆ ਗਿਆ। ਦੂਜਾ ਸਫ਼ਰਨਾਮਾ ਜਿਸ ਦੀ ਰਚਨਾ 1943 ਵਿੱਚ ਕੀਤੀ ਗਈ, ਵਿੱਚ ਲੇਖਕ ਪਹਿਲਾਂ ਨਾਲੋਂ ਤੀਬਰ ਰੂਪ ਵਿੱਚ ਰੂਸੀ ਜੀਵਨ ਤੇ ਰਾਜਾ ਪ੍ਰਬੰਧ ਦਾ ਪ੍ਰਚਾਰਕ ਬਣਦਾ ਦਿਖਾਈ ਦਿੰਦਾ ਹੈ।

  • 8) ਦੇਸ਼ਾਂ ਪ੍ਰਦੇਸ਼ਾਂ ਵਿਚੋਂ:

ਨਰਿੰਦਰਪਾਲ ਸਿੰਘ ਨੇ 1949 ਵਿੱਚ ਇਸ ਦੀ ਰਚਨਾ ਕੀਤੀ ਅਤੇ ਇਸ ਵਿੱਚ ਅਰਬ ਦੇਸ਼ ਅਤੇ ਯੂਰਪੀ ਦੇਸ਼ਾਂ ਵਿੱਚ ਕੀਤੇ ਹੋਏ ਸਫ਼ਰ ਦੀ ਭਰਪੂਰ ਜਾਣਕਾਰੀ ਦਿੱਤੀ ਗਈ ਹੈ, ਲੇਖਕ ਨੇ ਚਿੱਠੀਆਂ ਦੀ ਵਿਧੀ ਰਾਹੀਂ ਸਫ਼ਰ ਦੇ ਵੇਰਵਿਆਂ ਅਤੇ ਸਮਾਚਾਰਾਂ ਨੂੰ ਇਸ ਵਿੱਚ ਪੇਸ਼ ਕੀਤਾ ਹੈ। ਇਸ ਵਿੱਚ 1944 ਤੋਂ 1948 ਤੱਕ ਦੀ ਦੂਜੀ ਸੰਸਾਰ ਜੰਗ ਦੀ ਯਾਦ ਨੂੰ ਯਥਾਰਥਕ ਅਤੇ ਰੌਚਕ ਢੰਗ ਨਾਲ ਪੇਸ਼ ਕੀਤਾ ਹੈ। ਮੇਰਾ ਰੂਸੀ ਸਫ਼ਰਨਾਮਾ (1960), ਆਰਿਆਨਾ (1961), ਅਫਗਾਨਿਸਤਾਨ (1977) ਨਰਿੰਦਰਪਾਲ ਦੇ ਮਹੱਤਵਪੂਰਨ ਸਫ਼ਰਨਾਮੇ ਹਨ।

  • 9) ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ:

ਇਸ ਵਿੱਚ ਲੇਖਕ ਦੀਆਂ ਦੋ ਯਾਤਰਾਵਾਂ, 1937 ਬ੍ਰਿਜ ਭੂਮੀ ਅਤੇ 1938 ਵਿੱਚ ਮਲਾਇਆ ਦੀ ਯਾਤਰਾ ਦਾ ਵਰਣਨ ਹੈ। ਬ੍ਰਿਜ ਭੂਮੀ ਬਾਰੇ ਭਰਪੂਰ ਉੁਲੇਖ ਦੇ ਨਾਲ-ਨਾਲ ਆਪਣੇ ਗੁਆਂਢੀ ਦੇਸ਼ ਬਾਰੇ ਵੇਰਵੇ ਸਾਹਿਤ ਜਾਣਕਾਰੀ ਦਿੱਤੀ ਹੈ। ਇਸ ਵਿੱਚ ਮਲਾਇਆ ਦੇ ਲੋਕਾਂ ਦੇ ਜੀਵਨ ਅਤੇ ਕੁਦਰਤੀ ਨਜ਼ਾਰਿਆ ਦੀ ਚੰਗਾ ਵਰਣਨ ਹੈ। ਲੇਖਕ ਦਾ ਬਿਆਨ ਢੰਗ ਰਸਾਤਮਕ, ਸੁਹਿਰਦ ਅਤੇ ਮਾਨਵੀ ਗੁਣਾਂ ਨਾਲ ਭਰਪੂਰ ਹੈ।

  • 10) ਪਾਤਾਲ ਦੀ ਧਰਤੀ:

ਬਲਵੰਤ ਗਾਰਗੀ ਦੁਆਰਾ 1967 ਵਿੱਚ ਰਚਿਤ ਇਹ ਸਫ਼ਰਨਾਮਾ ਅਮਰੀਕਾ ਦੀ ਫੇਰੀ ਨਾਲ ਸੰਬੰਧਿਤ ਹੈ, ਜਿਸ ਵਿੱਚ ਨਾਟਕੀ ਤੇ ਕਾਵਿਕ ਰੰਗ ਰਾਹੀਂ ਸੁੰਦਰ ਕਥਾ-ਵਰਣਨ ਮਿਲਦਾ ਹੈ। ਉਸਨੇ ਸ਼ਹਿਰਾਂ, ਕੁਦਰਤੀ ਨਜ਼ਾਰਿਆਂ ਅਤੇ ਮਹੱਤਵਪੂਰਨ ਥਾਵਾਂ ਦਾ ਵਰਣਨ ਮਿਲਦਾ ਹੈ। ਗਾਰਗੀ ਨੇ ਕਈ ਮੁਲਕਾਂ ਦੀ ਯਾਤਰਾ ਕੀਤੀ ਪਰ ਉਹਨਾਂ ਨੇ ਸਿਰਫ਼ ਅਮਰੀਕਾ ਯਾਤਰਾ ਨੂੰ ਹੀ ਪੁਸਤਕ ਰੂਪ ਦਿੱਤਾ। ਉਹਨਾਂ ਦਾ ਬਹੁਤ ਧਿਆਨ ਇਥੋਂ ਦੀ ਕਲਾ, ਇਮਾਰਤਸਾਜ਼ੀ, ਦਸਤਕਾਰੀ ਕਲਾਕਾਰ, ਕਲਾ ਵਸਤਾਂ, ਭਾਸ਼ਾ, ਨਾਚ ਆਦਿ ਵੱਲ ਵਧੇਰੇ ਰੁਚਿਤ ਰਿਹਾ ਹੈ।

  • 11) ਮੇਰਾ ਰੂਸੀ ਸਫ਼ਰਨਾਮਾ ਤੇ ਮੇਰਾ ਪਾਕਿਸਤਾਨੀ ਸਫ਼ਰਨਾਮਾ:

ਮੇਰਾ ਰੂਸੀ ਸਫ਼ਰਨਾਮੇ ਦੀ ਰਚਨਾ ਬਲਰਾਜ ਸਾਹਨੀ ਨੇ 1967 ਈ: ਵਿੱਚ ਕੀਤੀ ਅਤੇ ਇਹ ਸੋਵੀਅਤ ਰੂਸ ਨਾਲ ਸੰਬੰਧਿਤ ਹੈ। ਰੂਸ ਦੀ ਧਰਤੀ ਨਾਲ ਉਸ ਦਾ ਸਿਧਾਂਤਕ ਇਸ਼ਟ ਤੇ ਚੇਤੰਨ ਲਗਾਉ ਜੁੜੇ ਹੋਏ ਸਨ। ਦੂਜਾ ਸਫ਼ਰਨਾਮਾ 1969 ਈ. ਵਿੱਚ ਰਚਿਆ ਗਿਆ ਅਤੇ ਪਾਕਿਸਤਾਨ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਇਸ ਵਿੱਚ ਉਹ ਪੰਜਾਬੀਆਂ ਦੇ ਜ਼ਜਬੇ ਅਤੇ ਵੰਡ ਦੇ ਦੁਖਾਂਤ ਨੂੰ ਚਿਤਰਦਾ ਹੈ ਅਤੇ ਵਤਨ ਦੀ ਮਿੱਟੀ ਦੀ ਸਾਂਝ ਤੇ ਸੱਭਿਆਚਾਰਕ ਉਦਰੇਵੇਂ ਨੂੰ ਬੜੇ ਪ੍ਰਭਾਵਸ਼ਾਲੀ ਰੂਪ ਵਿੱਚ ਚਿਤਰਦਾ ਹੈ। ਮੇਰਾ ਰੂਸੀ ਸਫ਼ਰਨਾਮਾ ਵਿੱਚ ਜਿਥੇ ਉਹ ਯੂਰਪੀ ਦੇਸ਼ਾਂ ਦੀ ਆਰਥਿਕਤਾ, ਆਰਥਿਕ ਬਰਾਬਰੀ, ਸਮਾਜਿਕ ਕਦਰਾਂ ਕੀਮਤਾਂ ਅਤੇ ਰਾਜਨੀਤਿਕਤਾ ਦੀ ਸਿਫ਼ਤ ਕਰਦਾ ਹੈ ਤਾਂ ਉਥੋਂ ਦੇਸ਼ ਦੀ ਆਰਥਿਕ ਕਾਣੀ ਵੰਡ ਉੱਤੇ ਟੀਕਾ ਟਿੱਪਣੀ ਵੀ ਕਰਦਾ ਹੈ। ਇਸ ਦੀ ਸ਼ੈਲੀ ਦਾਰਸ਼ਨਿਕ ਰੰਗ ਵਾਲੀ ਹੋਣ ਕਰਕੇ ਬੜੀ ਰੌਚਕ ਹੈ।

  • 12) ਅੱਖੀਂ ਡਿਠਾ ਰੂਸ:

ਸਾਧੂ ਸਿੰਘ ਹਮਦਰਦ ਨੇ 1971 ਵਿੱਚ ਇਸ ਦੀ ਰਚਨਾ ਕੀਤੀ। ਇਸ ਵਿੱਚ ਰੂਸ ਦੀ ਸਰਬਪੱਖੀ ਪ੍ਰਗਤੀ ਦਾ ਵਰਣਨ ਕੀਤਾ ਗਿਆ ਹੈ।

  • 13) ਇੱਕੀ ਪੱਤੀਆਂ ਦਾ ਗੁਲਾਬ:

1973 ਵਿੱਚ ਅੰਮ੍ਰਿਤਾ ਪ੍ਰੀਤਮ ਨੇ ਇਸ ਦੀ ਰਚਨਾ ਕੀਤੀ ਤੇ ਇਸ ਦਾ ਸੰਬੰਧ ਯੂਰਪ, ਬਲਗਾਰੀਆ, ਤਹਿਰਾਨ ਆਦਿ ਨਾਲ ਹੈ। ਅਕਾਰ ਵਿੱਚ ਛੋਟੀ ਹੋਣ ਦੇ ਬਾਵਜੂਦ ਇਸ ਵਿੱਚ ਵਕਫ਼ੀ ਤੇ ਜਾਣਕਾਰੀ ਵਧੇਰੇ ਹੈ। ਅੱਗ ਦੀ ਲੀਕਾਂ 1969 ਲੇਖਿਕਾਂ ਦਾ ਇੱਕ ਹੋਰ ਮਹੱਤਵਪੂਰਨ ਸਫ਼ਰਨਾਮਾ ਹੈ।

  • 14) ਮੇਰੀ ਇੰਗਲੈਂਡ ਯਾਤਰਾ:

ਸੰਤੋਖ ਸਿੰਘ ਧੀਰ ਨੇ ਇਹ ਰਚਨਾ 1978 ਵਿੱਚ ਕੀਤੀ ਇਸ ਰਚਨਾ ਵਿੱਚ ਲੇਖਕ ਨੇ ਇੰਗਲੈਂਡ ਸੰਬੰਧੀ ਬਹੁ-ਪੱਖੀ ਜਾਣਾਰੀ ਦਿੱਤੀ ਇਹ ਇਹਨਾਂ ਦਾ ਪਹਿਲਾ ਸਫ਼ਰਨਾਮਾ ਹੈ।

  • 15) ਕੱਚੇ ਰੰਗਾਂ ਦਾ ਸ਼ਹਿਰ ਲੰਡਨ:

1985 ਵਿੱਚ ਅਜੀਤ ਕੌਰ ਦੁਆਰਾ ਰਚਿਤ ਇਹ ਸਫ਼ਰਨਾਮਾ ਲੰਡਨ ਦੀ ਸੈਰ ਉਪਰ ਅਧਾਰਿਤ ਹੈ ਅਤੇ ਇਸ ਵਿੱਚ ਅਧੁਨਿਕਤਾਵਾਦੀ ਰੰਗ ਨੂੰ ਉਘਾੜਿਆ ਗਿਆ ਹੈ।

  • 16) ਪਟਿਆਲੇ ਤੋਂ ਪਟਿਆਲੇ ਤੱਕ:

ਡਾ. ਸੁਰਜੀਤ ਸੇਠੀ ਨੇ ਇਸ ਦੀ ਰਚਨਾ 1990 ਵਿੱਚ ਕੀਤੀ। ਇਸ ਸਫ਼ਰਨਾਮੇ ਨੂੰ ਪੜ੍ਹ ਕੇ ਅਮਰੀਕਾ, ਕੈਨੇਡਾ ਅਤੇ ਸਕਾਟਲੈਂਡ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੇੈ। ਇਹ ਵਿਲੱਖਣ ਭਾਂਤ ਦਾ ਸਫ਼ਰਨਾਮਾ ਹੈ

  • 17) ਮੇਰੀ ਅਮਰੀਕਾ ਫੇਰੀ:

ਅਤਰਜੀਤ ਕੌਰ ਸੂਰੀ ਵੱਲੋਂ ਇਸਦੀ ਰਚਨਾ 1998 ਵਿੱਚ ਕੀਤੀ ਗਈ। ਇਸ ਵਿੱਚ ਅਮਰੀਕਾ ਵਿੱਚ ਵਸਦੇ ਦੇਸ਼ ਵਾਸੀਆਂ ਤੇ ਪਰਿਵਾਰ ਦੇ ਲੋਕਾਂ ਨੂੰ ਮਿਲਣ ਦੀ ਸਿੱਕ ਨੂੰ ਤਰਜੀਹ ਦਿੱਤੀ ਗਈ ਹੈ। ਇਸ ਵਿੱਚ ਇਤਿਹਾਸਕ ਸਥਾਨਾਂ, ਅਜਾਇਬ ਘਰਾਂ, ਸੱਭਿਆਚਾਰਕ ਕੇਂਦਰਾਂ ਆਦਿ ਬਾਰੇ ਵੇਰਵਾ ਦਿੱਤਾ ਗਿਆ ਹੈ। ਇਹਨਾਂ ਦਾ ਇੱਕ ਹੋਰ ਸਫ਼ਰਨਾਮਾ ‘ਮੇਰਾ ਅਰਬ ਦੇਸ਼ ਦਾ ਸਫ਼ਰਨਾਮਾ` ਹੈ। ਇਹਨਾਂ ਸਫ਼ਰਨਾਮਿਆਂ ਤੋਂ ਬਿਨ੍ਹਾਂ ਪੰਜਾਬੀ ਸਫ਼ਰਨਾਮੇ ਜਪਾਨ ਦੀ ਝਾਕੀ (1911) ਜੀਵਨ ਸਿੰਘ ਸੇਵਕ, ਕਸ਼ਮੀਰ ਦੀ ਰਿਆਸਤ ਦਾ ਸਫ਼ਰ (1925) ਸੁੰਦਰ ਸਿੰਘ ਨਰੂਲਾ, ਪੰਜਾਬ ਯਾਤਰਾ (1931) ਅਤਰ ਸਿੰਘ ਨੀਰ, ਅਮਰੀਕਾ ਚੱਕਰ (1951) ਹਰਦਿੱਤ ਸਿੰਘ ਢਿਲਂ, ਧਰਤੀ ਦਾ ਸਵਰਗ (1962) ਗੁਰਦਿਆਲ ਸਿੰਘ ਫੁੱਲ, ਦੇਖੀ ਤੇਰੀ ਵਲੈਤ (1917) ਆਈ.ਜੇ ਗੁਲਾਟੀ, ਕਲਕੱਤੇ ਦੀ ਸੈਰ (1980) ਬਲਦੇਵ ਸਿੰਘ, ਅੱਖੀਆਂ ਵੇਖ ਨਾ ਰੱਜੀਆਂ (1991) ਸਵਰਣ ਸਿੰਘ, ਕੰਧ ਉਹਲੇ ਪ੍ਰਦੇਸ਼ (1999) ਹਰਭਜਨ ਸਿੰਘ ਹੁੰਦਲ ਪਾਕਿਸਤਾਨ (2003) ਗੁਰੁਮਖ ਸਿੰਘ ਸਹਿਗਲ, ਮਾਉਂਟ ਆਬੂ ਵਾਇਆ ਪੁਸ਼ਕ (2011) ਸੰਪਾ. ਡਾ.ਜੇ.ਬੀ.ਸੇਖੋਂ, ਗਵਾਂਢੀ (2013) ਰਾਜਵੀਰ ਰੰਧਾਵਾ ਆਦਿ ਮਹੱਤਵਪੂਰਨ ਸਫ਼ਰਨਾਮੇ ਹਨ।

ਸਿੱਟਾ

ਉਪਰੋਕਤ ਚਰਚਾ ਕਰਨ ਪਿਛੋਂ ਅਸੀਂ ਇਸ ਸਿੱਟੇ ਉਪਰ ਪੁੱਜਦੇ ਹਾਂ ਕਿ ਵੀਹਵੀਂ ਸਦੀ ਵਿੱਚ ਪੰਜਾਬੀ ਸਫ਼ਰਨਮਾ ਕਾਫ਼ੀ ਹਰਮਨ ਪਿਆਰਾ ਬਣਿਆ ਕਿਉਂਕਿ ਇਸ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਲੇਖਕਾਂ ਨੇ ਇਸ ਸਾਹਿਤਕ ਰੂਪ ਵਿੱਚ ਆਪਣੀ ਰੁਚੀ ਦਿਖਾਈ। 1906 ਤੋਂ ਲੈ ਕੇ ਹੁਣ ਤੱਕ ਲਗਭਗ 200 ਤੋਂ ਉਪਰ ਸਫ਼ਰਨਾਮੇ ਲਿਖੇ ਜਾ ਚੁੱਕੇ ਹਨ। ਇਹਨਾਂ ਵਿੱਚ ਜਿਥੇ ਵੱਖ ਵੱਖ ਦੇਸ਼ਾ ਦੇ ਸਥਾਨਾਂ ਅਤੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ, ਉਥੇ ਹੀ ਉੱਥੋਂ ਦੇ ਸਮਾਜ, ਸੱਭਿਆਚਾਰ ਤੇ ਜੀਵਨ ਜਾਂਚ ਨੂੰ ਅੰਕਿਤ ਕੀਤਾ ਗਿਆ ਹੈ। ਆਧੁਨਿਕ ਪੰਜਾਬੀ ਸਫ਼ਰਨਾਮਿਆਂ ਵਿੱਚ ਦੇਸ਼ ਨਾਲੋਂ ਵਿਦੇਸ਼ੀ ਯਾਤਰਾਵਾਂ ਦੀ ਰੁਚੀ ਵਧੇਰੇ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵੀਂਹਵੀ ਸਦੀ ਦੇ ਪਿਛਲੇ ਦਹਾਕਿਆਂ ਵਿੱਚ ਪੰਜਾਬੀ ਸਫ਼ਰਨਾਮਾ ਸਾਹਿਤ ਦਾ ਵਿਸ਼ੇ ਅਤੇ ਰੂਪ ਪੱਖ ਤੋਂ ਕਾਫ਼ੀ ਵਿਕਾਸ ਹੋਇਆ ਹੈ, ਕਿਉਂਕਿ ਇਹਨਾਂ ਵਿੱਚ ਸਮਾਜਿਕ ਤੇ ਸਭਿਆਚਾਰਕ ਸੱਮਸਿਆਵਾਂ ਦਾ ਅਨੁਭਵੀ ਚਿਤਰਨ ਵੀ ਹੋਇਆ ਮਿਲਦਾ ਹੈ। ਜਿਵੇਂ ਕਿ ਨਸਲੀ ਵਿਤਕਰਾ, ਭੂ ਹੇਰਵਾ, ਪੀੜ੍ਹੀ-ਪਾੜ੍ਹਾ, ਰਿਸ਼ਤਿਆਂ ਦੀ ਟੁੱਟ ਭੱਜ ਆਦਿ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਫ਼ਰਨਾਮਾ ਉਪਰੀਆਂ ਧਰਤੀਆਂ ਬਾਰੇ ਗਿਆਨ ਪ੍ਰਦਾਨ ਕਰਨ ਵਾਲਾ ਇੱਕ ਮਹੱਤਵਪੂਰਨ ਵਾਰਤਕ ਸਾਹਿਤ ਰੂਪ ਹੈ।  

ਪੁਸਤਕ ਸੂਚੀ

1) ਜੱਗੀ ਰਤਨ ਸਿੰਘ (ਡਾ.), ਸਾਹਿਤ ਦੇ ਰੂਪ, ਪਬਲੀਕੇਸ਼ਨ ਬਿਊਰੋ ਪਟਿਆਲਾ, 2011 ਪੰਨਾ 107.
2) ਜਸਵਿੰਦਰ ਸਿੰਘ (ਡਾ.) ਤੇ ਢੀਂਡਸਾ ਮਾਨ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਪਬਲੀਕੇਸ਼ਨ ਬਿਊਰੋ ਪਟਿਆਲਾ 2008, ਪੰਨਾ 148
3) ਲਾਂਬਾ ਗੋਬਿੰਦ ਸਿੰਘ (ਡਾ.) ਪੰਜਾਬੀ ਸਾਹਿਤ ਦੀਆਂ ਮੁੱਖ ਧਾਰਾਵਾਂ (ਭਾਗ ਦੂਜਾ), ਅਮਰਜੀਤ ਬੁੱਕ ਸਟੋਰ, ਪਟਿਆਲਾ, 1980, ਪੰਨਾ ਨੰ: 103.
4) ਰਛਪਾਲ ਕੌਰ (ਡਾ.) ਪੰਜਾਬੀ ਸਫ਼ਰਨਾਮਾ ਸਰੂਪ, ਸਿਧਾਂਤ ਤੇ ਵਿਕਾਸ, ਪਬਲੀਕੇਸ਼ਨ ਬਿਊਰੋ ਪਟਿਆਲਾ 1997, ਪੰਨਾ 48
5) ਸਤਿੰਦਰ ਸਿੰਘ, ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿਲੀ, 2006, ਪੰਨਾ. 68
6) ਜਸਵਿੰਦਰ ਸਿੰਘ (ਡਾ.) ਢੀਂਡਸਾ ਮਾਨ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਪਬਲੀਕੇਸ਼ਨ ਬਿਊਰੋ ਪਟਿਆਲਾ, 2008 ਪੰਨਾ 148.
7) ਰਾਜਬੀਰ ਕੌਰ, ਪੁਰਾਤਨ ਤੇ ਨਵੀਨ ਪੰਜਾਬੀ ਵਾਰਤਕ ਸਿਧਾਂਤ ਤੇ ਵਿਹਾਰ, ਵਾਰਿਸ਼ ਸ਼ਾਹ ਫਾਉਂਡੇਸ਼ਨ ਅੰਮ੍ਰਿਤਸਰ 209
8) ਪ੍ਰਮਿੰਦਰ ਸਿੰਘ (ਡਾ.) ਕਸੇਲ ਕਿਰਪਾਲ ਸਿੰਘ, ਲਾਂਬਾ ਗੋਬਿੰਦ ਸਿੰਘ, ਪੰਜਾਬੀ ਸਾਹਿਤ ਦੀ ਉੱਤਪਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ ਲੁਧਿਆਣਾ 14ਵੀਂ ਵਾਰ 2011.
9) ਜੁਗਿੰਦਰ ਸਿੰਘ (ਡਾ.) ਆਧੁਨਿਕ ਪੰਜਾਬੀ ਸਾਹਿਤ ਦੀ ਰੂਪ ਰੇਖਾ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1976

ਮੂਰਤੀ ਕੌਰ, ਐਮ. ਏ. ਭਾਗ ਪਹਿਲਾ, ਰੋਲ ਨੰ: 120162225