ਵਿਆਹ ਦੀਆਂ ਕਿਸਮਾਂ

ਭਾਰਤਪੀਡੀਆ ਤੋਂ
Jump to navigation Jump to search

ਦੁਨੀਆ ਵਿੱਚ ਵਿਆਹ ਦੀਆਂ ਵੱਖ-ਵੱਖ ਕਿਸਮਾਂ ਪ੍ਰਚੱਲਤ ਹਨ। ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ। ਪਰਿਵਾਰ ਦਾ ਮੁੱਖ ਕੰਮ ਸੰਤਾਨ ਪੈਦਾ ਕਰਨਾ ਹੈ। ਇਹ ਮੰਨਿਆ ਜਾਂਦਾ ਹੈ ਕਿ ਪਰਿਵਾਰ ਦੇ ਵਾਧੇ ਲਈ ਵਿਆਹ ਜ਼ਰੂਰੀ ਹੈ ਤਾਂ ਹੀ ਪਰਿਵਾਰ ਦੀ ਨਿਰੰਤਰ ਹੋਂਦ ਕਾਇਮ ਰਹਿ ਸਕਦੀ ਹੈ। ਹਰ ਧਰਮ ਵਿੱਚ ਵਿਆਹ ਦੀ ਮਹੱਤਤਾ ਵੱਖਰੀ ਹੈ ਜਿਵੇਂ ਹਿੰਦੂ ਧਰਮ ਵਿੱਚ ਵਿਆਹ ਨੂੰ ਸ਼ਿਵ ਪਾਰਵਤੀ ਦਾ ਮੇਲ, ਸਿੱਖ ਧਰਮ ਵਿੱਚ ਆਤਮਾ ਤੇ ਪਰਮਾਤਮਾ ਦਾ ਮੇਲ ਮੰਨਿਆ ਜਾਂਦਾ ਹੈ। ਵਿਆਹ ਰਸਮਾਂ-ਰੀਤਾਂ, ਪਰਿਵਾਰਾਂ ਦੇ ਮਿਲਵਰਤਨ, ਪਰਿਵਾਰ ਦੀ ਨਿਰੰਤਰ ਹੋਂਦ ਕਾਇਮ ਕਰਨ ਦਾ ਸਾਧਨ ਵੀ ਹੈ। ਪੰਜਾਬੀ ਸੱਭਿਆਚਾਰ ਦੇ ਆਧਾਰ ਤੇ ਪੰਜਾਬ ਵਿੱਚ ਵਿਆਹ ਦੀਆਂ ਬਹੁਤ ਕਿਸਮਾਂ ਹਨ।[1]

ਵਿਆਹ ਦੀਆਂ ਕਿਸਮਾਂ

ਪੁੰਨ ਦਾ ਵਿਆਹ

ਇਹ ਵਿਆਹ ਦੀ ਸਾਧਾਰਨ ਵੰਨਗੀ ਹੈ। ਇੱਜ਼ਤਦਾਰ ਘਰਾਣੇ ਪੁੰਨ ਦਾ ਵਿਆਹ ਹੀ ਕਰਵਾਉਂਦੇ ਹਨ। ਇਸ ਵਿੱਚ ਕੰਨਿਆ ਦਾਨ ਦਿੱਤਾ ਜਾਂਦਾ ਹੈ। ਵਿਆਹ ਵੇਲੇ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਲੜਕਾ-ਲੜਕੀ ਇੱਕ ਜਾਤ ਦੇ ਹੋਣ। ਵਿਆਹ ਵੇਲੇ ਗੋਤਾਂ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਸਮਾਨ ਗੋਤਾਂ ਵਿੱਚ ਵਿਆਹ ਨਹੀਂ ਹੁੰਦੇ। ਦੋਹਾਂ ਪਾਸਿਉਂ ਪਿਉਂ ਮਾਂ, ਦਾਦਾ-ਦਾਦੀ ਅਤੇ ਨਾਨਾ-ਨਾਨੀ ਦਾ ਆਪਸ ਵਿੱਚ ਕੋਈ ਗੋਤ ਨਹੀਂ ਮਿਲਣਾ ਚਾਹੀਦਾ। ਰਿਸ਼ਤੇ ਪਿੰਡੋਂ ਬਾਹਰ ਹੁੰਦੇ ਹਨ। ਇਸ ਵੰਨਗੀ ਦੇ ਵਿਆਹ ਵਿੱਚ ਬਕਾਇਦਾ ਬਰਾਤ ਆਉਂਦੀ ਹੈ, ਆਨੰਦ ਕਾਰਜ ਜਾਂ ਫੇਰੇ ਹੁੰਦੇ ਹਨ। ਲੜਕੀ ਵਾਲਿਆਂ ਵੱਲੋਂ ਦਾਜ ਦਿੱਤਾ ਜਾਂਦਾ ਹੈ ਤੇ ਡੋਲੀ ਤੋਰੀ ਜਾਂਦੀ ਹੈ। ਪੁੰਨ ਦਾ ਵਿਆਹ ਸਭ ਤੋਂ ਉੱਤਮ ਵਿਆਹ ਦੀ ਵੰਨਗੀ ਮੰਨਿਆ ਜਾਂਦਾ ਹੈ। ਇਹ ਇੱਕ ਵਿਆਪਕ ਵਰਤਾਰਾ ਹੈ।

ਵੱਟੇ ਦਾ ਵਿਆਹ

ਵੱਟੇ ਦਾ ਵਿਆਹ ਅਜਿਹੀ ਕਿਸਮ ਹੈ ਜਿਸ ਵਿੱਚ ਪਤੀ ਦੀ ਭੈਣ ਜਾਂ ਕਿਸੇ ਹੋਰ ਨੇੜਲੇ ਰਿਸ਼ਤੇਦਾਰ ਦੀ ਲੜਕੀ ਦਾ ਵਿਆਹ ਪਤਨੀ ਦੇ ਭਰਾ ਜਾਂ ਕਿਸੇ ਹੋਰ ਮੈਂਬਰ ਨਾਲ ਕਰਵਾਇਆ ਜਾਂਦਾ ਹੈ ਜੋ ਉਸਦਾ ਨਜ਼ਦੀਕੀ ਹੋਵੇ।ਇਸ ਤਰ੍ਹਾਂ ਪਤੀ ਨੂੰ ਆਪਣੀ ਪਤਨੀ ਦੇ ਬਦਲੇ ਵਿੱਚ ਇੱਕ ਲੜਕੀ ਆਪਣੀ ਪਤਨੀ ਦੇ ਪਰਿਵਾਰ ਨੂੰ ਦੇਣੀ ਪੈਦੀ ਹੈ। ਪੰਜਾਬ ਵਿੱਚ ਵਿਆਹ ਦੀ ਇਹ ਕਿਸਮ ਕਈ ਜਾਤਾਂ ਵਿੱਚ ਪਾਈ ਜਾਂਦੀ ਹੈ। ਗੁਜ਼ਰ ਜਾਤ ਵਿੱਚ ਵਿਆਹ ਦੀ ਇਹ ਕਿਸਮ ਆਮ ਪ੍ਰਚੱਲਿਤ ਹੈ।[2]

ਮੁੱਲ ਦਾ ਵਿਆਹ

ਵਿਆਹ ਦੀ ਇਸ ਕਿਸਮ ਵਿੱਚ ਲੜਕੇ ਵਾਲੇ ਲੜਕੀ ਵਾਲਿਆਂ ਨੂੰ ਪੈਸੇ ਦੇ ਕੇ ਲੜਕੀ ਖ਼ਰੀਦ ਲੈਦੇ ਹਨ ਅਰਥਾਤ ਮੁੰਡੇ ਵਾਲੇ ਕੁੜੀ ਦੇ ਮਾਂ-ਬਾਪ ਨੂੰ ਪੈਸੇ ਦੇ ਕੇ ਲਾੜੀ ਘਰ ਲੈ ਕੇ ਆਉਂਦੇ ਹਨ। ਵਿਆਹ ਦੀ ਇਹ ਕਿਸਮ ਜ਼ਿਆਦਾਤਰ ਛੋਟੀਆਂ ਜਾਤਾਂ ਵਿੱਚ ਪਾਈ ਜਾਂਦੀ ਹੈ। ਇਸ ਤਰ੍ਹਾਂ ਦਾ ਵਿਆਹ ਜੱਟਾਂ ਵਿੱਚ ਵੀ ਹੁੰਦਾ ਹੈ। ਜੋ ਆਰਥਿਕ ਪੱਖੋਂ ਕਮਜ਼ੋਰ ਹੁੰਦੇ ਹਨ ਜਾਂ ਫ਼ਿਰ ਮੁੰਡਾ ਵਡੇਰੀ ਉਮਰ ਦਾ ਹੋਵੇ ਉਹ ਵੀ ਮੁੱਲ ਦਾ ਵਿਆਹ ਕਰਦੇ ਹਨ। ਇਸ ਵਿਆਹ ਦੇ ਹੋਰ ਵੀ ਕਾਰਨ ਹਨ ਜਿਵੇਂ ਲੜਕਿਆਂ ਦੇ ਮੁਕਾਵਲੇ ਲੜਕੀਆਂ ਦੀ ਗਿਣਤੀ ਘੱਟ ਹੋਵੇ। ਪ੍ਰਾਚੀਨ ਕਾਲ ਵਿੱਚ ਵਿਆਹ ਆਦਿਵਾਸੀਆਂ ਵਿੱਚ ਆਰਥਿਕ ਸਮੱਸਿਆਵਾਂ ਦੂਰ ਕਰਨ ਦਾ ਇੱਕ ਸਾਧਨ ਸੀ।ਇਹਨਾਂ ਵਿੱਚ ਵਿਆਹ ਕੋਈ ਧਾਰਮਿਕ ਜਾਂ ਸਮਾਜਿਕ ਰਸਮ ਨਹੀਂ ਸਗੋਂ ਸਿਰਫ਼ ਇੱਕ ਠੇਕਾ ਸੀ। ਕਿਓਂਕਿ ਉਹਨਾਂ ਵਿੱਚ ਕੁੜੀਆਂ ਕੰਮ ਕਰਦੀਆਂ ਸਨ ਜਿਸ ਕਾਰਨ ਆਰਥਿਕਤਾ ਵਿੱਚ ਸੁਧਾਰ ਹੁੰਦਾ ਸੀ। ਮੁੱਲ ਦਾ ਵਿਆਹ ਅੱਜ ਵੀ ਪ੍ਰਚੱਲਿਤ ਕਿਸਮ ਹੈ।

ਕਿਰਤ ਦੁਆਰਾ ਵਿਆਹ

ਇਸ ਕਿਸਮ ਦਾ ਵਿਆਹ ਜ਼ਿਆਦਾਤਰ ਉਹਨਾਂ ਲੋਕਾਂ ਵਿੱਚ ਕੀਤਾ ਜਾਂਦਾ ਹੈ ਜੋ ਮੁੱਲ ਦਾ ਵਿਆਹ ਨਹੀਂ ਕਰਵਾ ਸਕਦੇ। ਇਸ ਵਿੱਚ ਲੜਕੇ ਨੂੰ ਲੜਕੀ ਦੇ ਘਰ ਜਾ ਕੇ ਕੁਝ ਨਿਸ਼ਚਤ ਸਮੇਂ ਤੱਕ ਕੰਮ ਕਰਨਾ ਪੈਦਾ ਹੈ। ਇਸ ਕੰਮ ਨਾਲ ਕੰਨਿਆ ਦਾ ਮੁੱਲ ਦਿੱਤਾ ਜਾਂਦਾ ਹੈ। ਨਿਸ਼ਚਤ ਸਮੇਂ ਤੋਂ ਬਾਅਦ ਲੜਕਾ ਲੜਕੀ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਇਹ ਕਿਸਮ ਪ੍ਰਚਲਿਤ ਨਹੀਂ ਹੈ।

ਕਰੇਵਾ

ਵਿਆਹ ਦੀ ਇਹ ਪ੍ਰਥਾ ਪੰਜਾਬ ਦੇ ਅਤੇ ਹਰਿਆਣੇ ਦੇ ਜੱਟਾਂ ਵਿੱਚ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਇਸ ਵਿੱਚ ਔਰਤ ਅਤੇ ਮਰਦ ਦਾ ਬਕਾਇਦਾ ਵਿਆਹ ਨਹੀਂ ਹੁੰਦਾ। ਕੋਈ ਜਰੂਰਤਮੰਦ ਔਰਤ ਆਪੇ ਜਾਂ ਕਿਸੇ ਰਿਸਤੇਦਾਰ ਵਿਚੋਲੇ ਰਾਹੀ ਆਦਮੀ ਨਾਲ ਸਬੰਧ ਕਾਇਮ ਕਰ ਲੈਂਦੀ ਹੈ ਕਿਸੇ ਘਰ ਵਿੱਚ ਕੋਈ ਪੂੰਨ ਦਾ ਸਾਥ ਨਾ ਜੁੜੇ, ਵੱਡੀ ਉਮਰ ਹੋ ਜਾਣ ਕਾਰਨ ਸਾਕ ਨਾ ਹੋਵੇ ਜਾਂ ਪਹਿਲੀ ਔਰਤ ਮਰ ਗਈ ਹੋਵੇ ਤਾਂ ਅਜਿਹੇ ਲੋਕੀ ਅਜਿਹੇ ਵਿਆਹ ਕਰਵਾਉਂਦੇ ਹਨ। ਇਹ ਰਾਜਪੂਤ ਤੇ ਜੱਟ ਕਬੀਲੀਆਂ ਵਿੱਚ ਪ੍ਰਚੱਲਤ ਹੈ।ਬ੍ਰਾਹਮਣ ਪਰਿਵਾਰਾਂ ਵਿੱਚ ਇਸ ਨੂੰ ਠੀਕ ਨਹੀਂ ਸਮਝਿਆ ਜਾਂਦਾ। ਖਿਆਲ ਕੀਤਾ ਜਾਂਦਾ ਹੈ ਕਿ ਵਿਆਹ ਦੀ ਇਹ ਵੰਨਗੀ ਸਿਰਫ਼ ਪੰਜਾਬੀ ਸੱਭਿਆਚਾਰ ਦੀ ਹੀ ਹੈ। ਸੰਸਕ੍ਰਿਤ ਸਰੋਤਾ ਵਿੱਚ ਅਜਿਹੇ ਵਿਆਹ ਦਾ ਕੋਈ ਜ਼ਿਕਰ ਨਹੀਂ ਮਿਲਦਾ। ਲੋਕਧਾਰਾ ਵਿੱਚ ਜੱਟ ਤੇ ਬਾਣੀਆਂ ਪਰਿਵਾਰਾਂ ਦੇ ਪ੍ਰਸੰਗਾ ਵਿੱਚ ਇਸ ਦਾ ਜ਼ਿਕਰ ਮਿਲਦਾ ਹੈ:

ਜੱਟੀ ਹੋਵਾ ਹੋਰ ਕਰਲਾਂ ਮੇਰੀ ਚੰਦਰੀ ਦੀ ਜਾਤ ਕਰਿਆੜੀ।

ਚਾਦਰ ਪਾੳਣੀ

ਵਿਆਹ ਦੀ ਇੱਕ ਵਿਧੀ, ਜਿਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਜੋੜੇ ਨੂੰ ਕੋਲ-ਕੋਲ ਬਿਠਾ ਕੇ, ਉੱਪਰ ਚਾਦਰ ਪਾ ਦਿੱਤੀ ਜਾਂਦੀ ਹੈ। ਵਿਧਵਾ ਇਸਤਰੀ ਦਾ ਪੁਨਰ ਵਿਆਹ ਇਸ ਵਿਧੀ ਦੁਆਰਾ ਕੀਤਾ ਜਾਂਦਾ ਹੈ। ਪਹਿਲਾਂ ਪੰਜਾਬ ਦੇ ਨਾਲ ਨਾਲ ਪੂਰੇ ਭਾਰਤ ਵਿੱਚ ਕਈ ਅਜਿਹੀਆਂ ਬਾਲ ਵਿਧਵਾਵਾਂ ਵੇਖਣ ਨੂੰ ਮਿਲਦੀਆਂ ਸਨ ਜਿੰਨ੍ਹਾਂ ਆਪਣੇ ਪਤੀ ਦੀ ਸ਼ਕਲ ਵੀ ਵੇਖੀ ਨਹੀਂ ਹੁੰਦੀ ਸੀ ਪਰ ਸਾਰੀ ਉਮਰ ਰੰਡੇਪੇ ਵਿੱਚ ਲੰਘਾ ਦਿੰਦੀਆਂ ਸਨ। ਹੁਣ ਨਵੇਂ ਸਮਾਜਿਕ ਹਾਲਾਤ ਅਤੇ ਸਰਕਾਰੀ ਕਾਨੂੰਨ ਔਰਤਾਂ ਦੇ ਅਨਕੂਲ ਹੋ ਕੇ ਵਿਚਰ ਰਹੇ ਹਨ। ਪੁਨਰ ਵਿਆਹ ਦੀ ਰੀਤ ਲਗਭਗ ਸਾਰੇ ਹੀ ਸਮਾਜਿਕ ਵਰਗਾਂ ਵਿੱਚ ਮਕਬੂਲ ਹੋ ਰਹੀ ਹੈ ਜਿਸਦੇ ਚੱਲਦਿਆ ਵਿਧਵਾਵਾਂ ਦੇ ਵਿਆਹ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਪਤੀ ਦੇ ਪਰਿਵਾਰ ਵਿੱਚ ਹੀ ਕਰ ਦਿੱਤਾ ਜਾਂਦਾ ਹੈ। ਮਰਜ਼ੀ ਨਾ ਪੁੱਛੇ ਜਾਣ ਦੀ ਸੂਰਤ ਵਿੱਚ ਕੋਈ ਇੱਕ ਧਿਰ ਵਧੀਕੀ ਦੀ ਸ਼ਿਕਾਰ ਹੋ ਜਾਂਦੀ ਸੀ। ਇਸ ਕਿਸਮ ਦੇ ਵਿਆਹ ਵਿੱਚ ਪਤੀ ਦਾ ਭਰਾ ਨਾ ਹੋਣ ਦੀ ਸੂਰਤ ਵਿੱਚ ਬਾਹਰੀ ਪਰਿਵਾਰ ਵਿੱਚ ਪੁਨਰ ਵਿਆਹ ਕੀਤਾ ਜਾਂਦਾ ਹੈ। ਚਾਦਰ ਦੀ ਰਸਮ ਸਾਰੇ ਭਾਈਚਾਰੇ ਅਤੇ ਪੰਚਾਇਤ ਦੀ ਹਾਜ਼ਰੀ ਵਿੱਚ ਹੀ ਕੀਤੀ ਜਾਂਦੀ ਹੈ। ਇਸ ਰਸਮ ਵਿੱਚ ਵਿਆਹ ਦੀ ਮੁੱਖ ਰਸਮ ਆਨੰਦ ਕਾਰਜ ਨਹੀਂ ਨਿਭਾਈ ਜਾਂਦੀ। ਜਿਸ ਵਿਅਕਤੀ ਨਾਲ ਵਿਧਵਾ ਦਾ ਵਿਆਹ ਹੋਣਾ ਹੁੰਦਾ ਹੈ ਉਹ ਸਭ ਦੇ ਸਾਹਮਣੇ ਚਿੱਟੀ ਚਾਦਰ ਨੂੰ ਜਿਸਦੀਆਂ ਚਾਰੇ ਕੰਨੀਆਂ ਪੀਲੇ ਰੰਗ ਨਾਲ ਰੰਗੀਆਂ ਹੋਣ ਵਿਧਵਾ ਦੇ ਸਿਰ ਉੱਪਰ ਦੇ ਕੇ ਉਸਦੀਆਂ ਬਾਹਾਂ ਵਿੱਚ ਵੰਗਾਂ ਪਾਉਂਦਾ ਹੈ। ਹਿੰਦੂਆਂ ਵਿੱਚ ਇਸ ਰਸਮ ਸਮੇਂ ਪੰਡਿਤ ਨੂੰ ਬੁਲਾਇਆਂ ਜਾਂਦਾ ਹੈ ਜੋ ਮੰਤਰਾਂ ਦਾ ਉਚਾਰਣ ਕਰਦਾ ਹੈ। ਸਿੱਖ ਧਰਮ ਨਾਲ ਸੰਬੰਧਿਤ ਪਰਿਵਾਰ ਇਹ ਰਸਮ ਕਈ ਵਾਰ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਰਦੇ ਹਨ।

ਪਿਆਰ ਵਿਆਹ

ਅੱਜ ਦੇ ਸਮੇਂ ਵਿੱਚ ਪਿਆਰ ਵਿਆਹ ਕਾਫ਼ੀ ਪ੍ਰਚੱਲਿਤ ਹੋ ਰਿਹਾ ਹੈ। ਪਿਆਰ ਵਿਆਹ ਤੋਂ ਭਾਵ ਉਸ ਕਿਸਮ ਤੋਂ ਹੈ ਜਦੋਂ ਮੁੰਡਾ ਅਤੇ ਕੁੜੀ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਹੁੰਦੇ ਹਨ ਅਤੇ ਉਹਨਾਂ ਵਿੱਚ ਪਿਆਰ ਪੈ ਜਾਂਦਾ ਹੈ ਜਿਸ ਉਪਰੰਤ ਉਹ ਵਿਆਹ ਕਰਵਾ ਲੈਦੇ ਹਨ। ਪਹਿਲਾਂ ਇਹ ਕਿਸਮ ਪੱਛਮੀ ਦੇਸ਼ਾਂ ਵਿੱਚ ਹੀ ਪ੍ਰਚੱਲਿਤ ਸੀ ਪਰ ਅੱਜਕਲ ਭਾਰਤ ਵਿੱਚ ਵੀ ਇਸ ਨੂੰ ਸਵੀਕਾਰਿਆ ਜਾਣ ਲੱਗ ਪਿਆ ਹੈ। ਪਰ ਇਸਨੂੰ ਅਜੇ ਵੀ ਸਾਰੇ ਸਮਾਜ ਵੱਲੋਂ ਮਾਨਤਾ ਪ੍ਰਾਪਤ ਨਹੀਂ ਹੋਈ ਹੈ। ਬਹੁਤ ਲੋਕ ਅਜੇ ਵੀ ਇਸਦੇ ਖਿਲਾਫ਼ ਹਨ।[3]

ਪ੍ਰਤਾਵੀ ਵਿਆਹ

ਪ੍ਰ੍ਤਾਵੀ ਵਿਆਹ ਤੋਂ ਭਾਵ ਵਿਆਹ ਤੋਂ ਪਹਿਲਾਂ ਮੁੰਡੇ ਨੂੰ ਪਰਖਿਆ ਜਾਂਦਾ ਸੀ। ਉਸਦੀ ਪਰਖ ਉਸਦੀ ਸ਼ਰੀਰਕ, ਬੁੱਧੀ ਅਤੇ ਚਲਾਕੀ ਦੇ ਅਧਾਰ ਉਤੇ ਕੀਤੀ ਜਾਂਦੀ ਸੀ। ਜੇਕਰ ਮੁੰਡਾ ਪਰਖ ਵਿੱਚ ਪੂਰਾ ਉਤਰਦਾ ਸੀ ਤਾਂ ਉਸਦਾ ਵਿਆਹ ਆਪਣੀ ਕੁੜੀ ਨਾਲ ਕਰ ਦਿੱਤਾ ਜਾਂਦਾ ਸੀ। ਪ੍ਰਾਚੀਨ ਹਿੰਦੂ ਸਮਾਜ ਵਿੱਚ ਇਹ ਪ੍ਰਥਾ ਪ੍ਰਚਲਿਤ ਸੀ।[4]

ਅਪਹਰਣ ਵਿਆਹ

ਇਹ ਵਿਆਹ ਦੀ ਅਜਿਹੀ ਕਿਸਮ ਹੈ ਜਿਸ ਵਿੱਚ ਮੁੰਡੇ ਵੱਲੋਂ ਕੁੜੀ ਨੂੰ ਜ਼ਬਰਦਸਤੀ ਚੁੱਕ ਕੇ ਵਿਆਹ ਕਰਵਾ ਲਿਆ ਜਾਂਦਾ ਹੈ। ਵਿਆਹ ਦੀ ਇਹ ਕਿਸਮ ਜ਼ਿਆਦਾ ਕਬੀਲਿਆਂ ਵਿੱਚ ਪਾਈ ਜਾਂਦੀ ਸੀ। ਜਿੱਥੇ ਇੱਕ ਦੂਜੇ ਨੂੰ ਆਪਣੀ ਤਾਕਤ ਦਿਖਾਉਣ ਲਈ ਅਜਿਹਾ ਕੀਤਾ ਜਾਂਦਾ ਸੀ।

ਹਵਾਲੇ

ਫਰਮਾ:ਹਵਾਲੇ

  1. ਸੋਹਿੰਦਰ ਸਿੰਘ ਵਣਜਜਾਰਾ ਬੇਦੀ. "ਪੰਜਾਬ ਦੀ ਲੋਕਧਾਰਾ". {{cite web}}: |access-date= requires |url= (help); Missing or empty |url= (help)
  2. ਸ਼ਵਿੰਦਰਜੀਤ ਕੌਰ. "ਸਮਾਜ ਵਿਗਿਆਨ ਦੇ ਮੂਲ ਸੰਕਲਪ". p. 473. {{cite web}}: |access-date= requires |url= (help); Missing or empty |url= (help)
  3. ਸ਼ਵਿੰਦਰਜੀਤ ਕੌਰ. "ਸਮਾਜ ਵਿਗਿਆਨ ਦੇ ਮੂਲ ਸੰਕਲਪ". p. 474. {{cite web}}: |access-date= requires |url= (help); Missing or empty |url= (help)
  4. ਸ਼ਵਿੰਦਰਜੀਤ ਕੌਰ. "ਸਮਾਜ ਵਿਗਿਆਨ ਦੇ ਮੂਲ ਸੰਕਲਪ". p. 472. {{cite web}}: |access-date= requires |url= (help); Missing or empty |url= (help)