ਭੱਟਾਂ ਦੇ ਸਵੱਈਏ

ਭਾਰਤਪੀਡੀਆ ਤੋਂ
Jump to navigation Jump to search

ਭੱਟਾਂ ਦੇ ਸਵੱਈਏ ਆਮ ਤੌਰ 'ਤੇ ਭੱਟ ਉਹ ਕਵੀ ਹੁੰਦੇ ਸਨ ਜੋ ਰਜਿਆਂ ਤੇ ਕੁਲੀਨ ਵਰਗ ਦੇ ਲੋਕਾਂ ਦੀ ਵਡਿਆਈ ਵਿੱਚ ਵਾਰਾਂ ਰਚਦੇ ਸਨ ਜਾਂ ਫਿਰ ਉਹਨਾਂ ਦੇ ਜੀਵਨ ਬਿਰਤਾਂਤ ਸੁਣਾਉਂਦੇ ਸਨ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ‘ਭੱਟ` ਸ਼ਬਦ ਦੇ ਕੋਸ਼ਗਤ ਅਰਥ ਹਨ, ਜਸ ਗਾਉਣੇ ਜਾਂ ਕਿਸੇ ਦੀ ਸ਼ੋਭਾ ਗਾਇਨ ਕਰਕੇ ਆਪਣੀ ਜੀਵਕਾ ਕਮਾਉਣ ਵਾਲਾ ਲਿਖਿਆ ਹੈ।

ਇਤਿਹਾਸ

ਕਈ ਚਿੰਤਕਾਂ ਨੇ ਇਨ੍ਹਾਂ ਦੇ ਖਾਨਦਾਨ ਦਾ ਕੁਰਸੀਨਾਮਾ ਵੀ ਦਿੱਤਾ ਹੈ। ਇਹ ਆਪਣੇ ਆਪ ਨੂੰ ਕੋਸ਼ਸ਼ ਰਿਸ਼ੀ ਦੀ ਸੰਤਾਨ ਮੰਨਦੇ ਹਨ ਅਤੇ ਸਰਸਵਤੀ ਨਦੀ ਦੇ ਕੰਢੇ ਵਸੇ ਹੋਣ ਕਾਰਨ ਸਾਰਸਵਤ ਬ੍ਰਾਹਮਣ ਅਖਵਾਉਂਦੇ ਹਨ। ਇਹ ਲੋਕ ਕੁਲ-ਪਰੰਪਰਾ ਤੋਂ ਰਾਜਿਆ ਅਥਵਾ ਕੁਲੀਨ ਪੁਰਸ਼ਾ ਦੀ ਉਸਤਤ ਕਰਦੇ ਸਨ ਅਤੇ ਉਹਨਾਂ ਦੇ ਖਾਨਦਾਨਾਂ ਦੀਆਂ ਇਤਿਹਾਸਿਕ ਘਟਨਾਵਾਂ ਨੂੰ ‘ਭੱਟਛਰੀ ਲਿਪੀ ਵਿੱਚ ਲਿਖੀਆਂ ਵਹੀਆਂ ਵਿੱਚ ਸੰਭਾਲੀ ਰੱਖਿਆਂ ਹੈ। ਇਨ੍ਹਾਂ ਦੇ ਕਿੰਨੇ ਹੀ ਖਾਨਦਾਨ ਹੁਣ ਵੀ ਜੀਂਦ ਅਤੇ ਪਹੇਵੇ ਦੇ ਵਿਚਾਲੇ ਇਲਾਕੇ ਵਿੱਚ ਵਸਦੇ ਹਨ ਅਤੇ ਕੁਝ ਖਾਨਦਾਨ ਨਿਖੜ ਕੇ ਜਮਨਾ ਪਾਰ ਉਤਰ ਪ੍ਰਦੇਸ਼ ਦੀ ਪੱਛਮੀ ਸੀਮਾ ਦੇ ਨੇੜੇ ਜਾ ਵਸੇ ਹਨ। ਇਹ ਸਾਰੇ ਭੱਟ ਘੁਮਕੜ ਰੁਚੀ ਵਾਲੇ ਆਤਮ ਆਨੰਦ ਦੇ ਜਿਗਿਆਸੂ ਸਨ। ਅਨੇਕ ਸਥਾਨਾਂ ਅਤੇ ਸਾਧਾਂ ਸੰਤਾਂ ਪਾਸ ਜਾਣ ਤੇ ਵੀ ਇਨ੍ਹਾਂ ਦੀ ਜਗਿਆਸਾ ਸ਼ਾਤ ਨਹੀਂ ਹੋਈ ਸੀ। ਹਾਰ ਕੇ ਉਹ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਪਹੁੰਚੇ। ਉਥੇ ਉਹਨਾਂ ਦੀ ਅਧਿਆਤਮਿਕ ਜਿਗਿਆਸਾ ਸਮਾਪਤ ਹੋਈ। ਇਹ ਭੱਟ, ਅਨੁਮਾਨ ਹੈ ਸੰਨ 1581 ਈ ਵਿੱਚ ਭੱਟ ਕਲਸਹਾਰ ਦੀ ਅਗਵਾਈ ਵਿੱਚ ਇੱਕਠੇ ਹੋ ਕੇ ਗੁਰੂ ਅਰਜਨ ਦੇਵ ਜੀ ਦੇ ਗੁਰੂ ਗੱਦੀ ਉੱਤੇ ਬੈਠਣ ਦੇ ਅਵਸਰ ਉਤੇ ਗੋਇੰਦਵਾਲ ਆਏ ਸਨ। ਭੱਟਾਂ ਦਾ ਆਪਣਾ ਕਥਨ ਹੈ ਕਿ ਉਹ ਮਨ ਦੀ ਸ਼ਾਂਤੀ ਲਈ ਸਾਰੇ ਹਿੰਦੁਸਤਾਨ ਵਿੱਚ ਭਟਕੇ ਸਨ ਪ੍ਰੰਤੂ ਉਹਨਾਂ ਨੂੰ ਗੁਰੂ ਸਾਹਿਬਾਨ ਦੇ ਦਰ ਤੋਂ ਸਿਵਾਏ ਕਿਤੇ ਸ਼ਾਂਤੀ ਪ੍ਰਾਪਤ ਨਹੀਂ ਹੋਈ। ਇਹ ਭੱਟ ਗੁਰੂ ਦਰਬਾਰ ਦੇ ਅਨੁਯਾਈ ਬਣ ਕੇ ਗੁਰੂ ਸਾਹਿਬਾਨ ਦੇ ਲੋਕ-ਬਿੰਬ ਨੂੰ ਸੰਸਕਾਰਗਤ ਆਪਣੀ ਸਰਗੁਣ ਦੀ ਭਾਵਨਾ ਦੇ ਸੰਦਰਭ ਵਿੱਚ ਪੁਰਾਣ-ਪੁਰਸ਼ਾ ਜਾਂ ਅਵਤਾਰਾਂ ਦੇ ਰੂਪ ਵਿੱਚ ਚਿਤਰਿਆ।[1] ਇਹ ਸਾਰੇ ਜਗਿਆਸੂ-ਭੱਟ ਅਰਜਨ ਦੇਵ ਜੀ ਦੀ ਵਡਿਆਈ ਸੁਣ ਕੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਸਨ। ਇਹਨਾਂ ਨੇ ਆਪਣੀ ਸਿਰਜਣਾ ਰਾਹੀ ਸਿੱਖ ਸੰਸਥਾ ਦੇ ਮਹੱਤਵ ਨੂੰ ਲੋਕ ਮਨ ਵਿੱਚ ਸਥਾਪਤ ਕਰਨ ਦਾ ਉਦਮ ਕੀਤਾ।

ਗਿਣਤੀ

ਇਹ ਗਿਣਤੀ ਵਿੱਚ ਗਿਆਰਾਂ ਸਨ। ਇਹਨਾਂ ਦਾ ਨਾਮ ਭੱਟ ਕਲਸਹਾਰ, ਭੱਟ ਜਾਲਪ, ਭੱਟ ਕੀਰਤ, ਭੱਟ ਭਿੱਖਾ, ਭੱਟ ਸਲ੍ਹ, ਭੱਟ ਭਲ, ਭੱਟ ਨਲ੍ਹ, ਭੱਟ ਗਯੰਦ, ਭੱਟ ਸਥੁਰਾ, ਭੱਟ ਬਲ, ਭੱਟ ਹਰਿਬੰਸਾ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ 21 ਪੰਨਿਆਂ (1389-1409) ਵਿੱਚ ਸੰਕਲਿਤ ਹੈ। ਇਹਨਾਂ ਦੀ ਬਾਣੀ ਨੂੰ ਸਵੱਯੇ ਮੰਨਿਆ ਗਿਆ ਹੈ। ਕਿਉਂਕਿ ਉਹਨਾਂ ਦੀ ਰਚਨਾ ਵਿੱਚ ਬਹੁਤ ਗਿਣਤੀ ਸਵੱਈਆਂ ਦੀ ਹੈ। ਇਹਨਾਂ ਦੀ ਗਿਣਤੀ 123 ਹੈ। ਇਹਨਾਂ ਸਾਰੇ ਸਵੱਯਾ ਨੂੰ ਪੰਜ ਸਿਰਲੇਖਾਂ ਵਿੱਚ ਰੱਖਿਆ ਗਿਆ ਹੈ। ਇਹ ਸਿਰਲੇਖ ‘ਸਵੱਈਏ ਮਹਲੇ ਪਹਿਲੇ ਕੇ`, ਸਵੱਈਏ ਮਹੱਲੇ ਦੂਜੇ ਕੇ, ਸਵੱਈਏ ਮਹੱਲੇ ਤੀਜੇ ਕੇ, ਸਵੱਈਏ ਮਹੱਲੇ ਚੌਥੇ ਕੇ, ਸਵੱਈਏ ਮਹੱਲੇ ਪੰਜਵੇਂ ਕੇ ਅਧੀਨ ਹਨ। ਇਨ੍ਹਾਂ ਭੱਟਾਂ ਦੀ ਬਾਣੀ ਦੀ ਤਿੰਨ ਪੱਖੀ ਮਹਾਨਤਾ ਹੈ ਇੱਕ ਤਾਂ ਦਾਰਸ਼ਨਿਕ ਵਿਚਾਰਾਂ ਦੇ ਤੌਰ 'ਤੇ ਦੂਜੀ ਭਾਸ਼ਾਈ ਤੌਰ 'ਤੇ ਤੀਜਾ ਗੁਰੂ ਸਤੋਤਰਾਂ ਦੇ ਰੂਪ ਵਿੱਚ ਜੋ ਸਿੱਖ ਗੁਰੂ ਸਾਹਿਬਾਨ ਦੇ ਵਿਆਪਕ ਪ੍ਰਭਾਵ ਖੇਤਰ ਨੂੰ ਉਜਾਗਰ ਕਰਦੇ ਹਨ। ਭੱਟਾਂ ਦੇ ਸਵੱਈਏ ਵੀ ਇੱਕ ਕਿਸਮ ਦੀਆਂ ਵਾਰਾਂ ਹਨ ਜਿਹਨਾਂ ਵਿੱਚ ਗੁਰੂ ਸਾਹਿਬਾਨ ਦੀ ਉਸਤਤੀ ਕੀਤੀ ਗਈ ਹੈ ਪਰ ਉਹਨਾਂ ਦੀ ਬੋਲੀ ਤੇ ਬ੍ਰਿਜ਼- ਭਾਸ਼ਾ ਦਾ ਢੇਰ ਪ੍ਰਭਾਵ ਹੈ। ਭੱਟਾਂ ਦੇ ਇਹ ਸਵੱਈਏ ਬਹੁਤ ਪ੍ਰਸਿੱਧ ਹੋਏ ਹਨ। ਇਹਨਾਂ ਭੱਟਾਂ ਨੇ ਕਈ ਪ੍ਰਕਾਰ ਦੇ ਛੰਦ ਵਰਤੇ ਹਨ। ਸਵੱਯਾ, ਸੋਰਠਾ, ਚੌਪਈ ਕੁੰਡਲੀ ਆਦਿ। ਵਿਆਕਰਣ ਨਿਯਮ ਉਹੀ ਹਨ, ਜੋ ਗੁਰਬਾਣੀ ਅਤੇ ਭਗਤ ਬਾਣੀ ਵਿੱਚ ਵਰਤੇ ਹੋਏ ਮਿਲਦੇ ਹਨ।

ਨੰ ਭੱਟ ਸਵੱਈਏ ਅਤੇ ਗੁਰੂ ਗਰੰਥ ਸਾਹਿਬ ਦਾ ਅੰਗ ਨੰ ਸਵੱਈਏ ਦੀ ਗਿਣਤੀ
1
ਭੱਟ ਕਲਸਹਾਰ
10(1389-90) 10(1391-92) 9(1392-94) 13(1396-98) 13(1406-08)
54
2
ਭੱਟ ਜਾਲਪ
5(1394-95)
5
3
ਭੱਟ ਕੀਰਤ
4(1395) 4(1405-06)
8
4
ਭੱਟ ਭਿੱਖਾਐ
2(1395-96)
2
5
ਭੱਟ ਸਲ੍ਹ
1(1396) 2(1406)
3
6
ਭੱਟ ਭਲ
1(1396)
1
7
ਭੱਟ ਨਲਐ
16(1398-1401)
16
8
ਭੱਟ ਗਯੰਦ
13(1401-1404)
13
9
ਭੱਟ ਮਥੁਰਾ
7(1404-05) 7(1408-09)
14
10
ਭੱਟ ਬਲ੍ਹ
5(1405)
5
11
ਭੱਟ ਹਰਿਬੰਸ
2(1409)
2

ਸੁ ਕਹੁ ਟਲ ਗੁਰੁ ਸੇਵੀਐ ਅਹਿਨਿਮ ਸਹਿਜਿ ਸੁਭਾਇ॥
ਦਰਸਨ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ॥

ਹੋਰ ਪੜ੍ਹੋ

  • ਸ੍ਰੀ ਗੁਰੂ ਗ੍ਰੰਥ ਸਾਹਿਬ ਮੂਲ ਸੰਕਲਪ-ਕੋਸ਼ - ਡਾ. ਜਸਬੀਰ ਸਿੰਘ ਸਰਨਾ
  • ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ - ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਬਾਂ
  • ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ - ਡਾ. ਰਾਜਿੰਦਰ ਸਿੰਘ ਸੇਖੋਂ
  • (ਆਦਿ ਕਾਲ ਤੋਂ ਮੱਧਕਾਲ) ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ

ਹਵਾਲੇ

  1. "ਪੰਜਾਬੀ ਸਾਹਿਤ ਦਾ ਇਤਿਹਾਸ - ਸੁਰਿੰਦਰ ਸਿੰਘ ਕੋਹਲੀ"