ਡਾ. ਦੀਵਾਨ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਲੇਖਕ ਡਾ. ਦੀਵਾਨ ਸਿੰਘ ਕਾਲੇਪਾਣੀ (1897–1944) ਪੰਜਾਬੀ ਦੇ ਕਵੀ ਅਤੇ ਉੱਘੇ ਭਾਰਤੀ ਦੇਸ਼ ਭਗਤ ਸਨ। ਉਨ੍ਹਾਂ ਨੇ 1920ਵਿਆਂ ਵਿੱਚ ਨਾ-ਮਿਲਵਰਤਨ ਲਹਿਰ ਵਿੱਚ ਹਿੱਸਾ ਲਿਆ ਸੀ।[1] ਉਨ੍ਹਾਂ ਨੇ ਖੁੱਲ੍ਹੀ ਕਵਿਤਾ ਦੀ ਵਿਧਾ ਨੂੰ ਅਪਣਾਇਆ ਅਤੇ ਦੋ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ: ਵਗਦੇ ਪਾਣੀ (1938) ਅਤੇ ਅੰਤਿਮ ਲਹਿਰਾਂ (ਮਰਨ ਉਪਰੰਤ,1962)।[1] ਉਨ੍ਹਾਂ ਦੀ ਕਵਿਤਾ ਦੀ ਸੁਰ ਸਾਮਰਾਜ-ਵਿਰੋਧੀ ਅਤੇ ਸੰਗਠਿਤ ਧਰਮ ਦੇ ਖਿਲਾਫ਼ ਸੀ।[1]

ਮੁੱਢਲਾ ਜੀਵਨ

ਦੀਵਾਨ ਸਿੰਘ ਦਾ ਜਨਮ 22 ਮਈ 1897 ਨੂੰ ਪਿੰਡ ਗਲੋਟੀਆਂ ਖੁਰਦ, ਜ਼ਿਲ੍ਹਾ ਸਿਆਲਕੋਟ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸੁੰਦਰ ਸਿੰਘ ਢਿੱਲੋਂ ਅਤੇ ਮਾਤਾ ਦਾ ਇੰਦਰ ਕੌਰ ਸੀ। ਬਚਪਨ ਵਿੱਚ ਹੀ ਮਾਂ ਅਤੇ ਪਿਤਾ ਦੀ ਮੌਤ ਹੋਣ ਕਾਰਨ ਉਨ੍ਹਾਂ ਦਾ ਪਾਲਣ ਪੋਸ਼ਣ ਦਾਦੀ ਅਤੇ ਚਾਚੇ ਸਰਦਾਰ ਸੋਹਣ ਸਿੰਘ ਨੇ ਕੀਤਾ। ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਬਾਅਦ ਉਹ ਡਸਕਾ ਦੇ ਮਿਸ਼ਨ ਸਕੂਲ ਵਿੱਚ ਦਾਖ਼ਲ ਹੋ ਗਏ। ਇਥੋਂ ਉਨ੍ਹਾਂ ਅੱਠਵੀਂ ਕੀਤੀ ਅਤੇ 1915 ਵਿੱਚ ਖ਼ਾਲਸਾ ਹਾਈ ਸਕੂਲ ਸਿਆਲਕੋਟ ਤੋਂ ਦਸਵੀਂ ਪਾਸ ਕੀਤੀ। 1916 ਵਿੱਚ ਉਹ ਆਗਰਾ ਦੇ ਮੈਡੀਕਲ ਕਾਲਜ ਵਿੱਚ ਦਾਖ਼ਲ ਹੋ ਗਏ ਅਤੇ 1921 ਨੂੰ ਮੈਡੀਕਲ ਸਰਵਿਸ ਵਿੱਚ ਡਿਪਲੋਮਾ ਲੈਣ ਉਪਰੰਤ ਰਾਵਲਪਿੰਡੀ ਛਾਉਣੀ ਵਿੱਚ ਫ਼ੌਜੀ ਡਾਕਟਰ ਵਜੋਂ ਨਿਯੁਕਤ ਹੋ ਗਏ।

ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਰੌਚਿਕ ਦੌਰ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਦੀ ਬਦਲੀ ਰੰਗੂਨ ਦੀ ਹੋ ਗਈ ਅਤੇ ਉਥੋਂ ਉਨ੍ਹਾਂ ਨੂੰ 1927 ਵਿੱਚ ਅੰਡੇਮਾਨ ਇੱਕ ਸਕੂਲ ਵਿੱਚ ਭੇਜ ਦਿੱਤਾ ਗਿਆ ਜਿਥੇ ਵਿਦਿਆਰਥੀਆਂ ਨੂੰ ਤਮਿਲ,ਤੇਲਗੂ ਅਤੇ ਪੰਜਾਬੀ ਪੜ੍ਹਾਈ ਜਾਂਦੀ ਸੀ। ਗੁਰਦੁਆਰੇ ਵਿਚ ਦੀਵਾਨ ਸਿੰਘ ਆਪਣੀਆਂ ਕਵਿਤਾਵਾਂ ਸੁਣਾਉਂਦੇ ਸਨ ਅਤੇ ਭਾਰਤੀ ਲੋਕਾਂ ਨਾਲ ਗੁਲਾਮੀ ਅਤੇ ਆਜ਼ਾਦੀ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰੇ ਕਰਦੇ ਸਨ।[2]

ਆਜ਼ਾਦੀ ਸੰਗਰਾਮ

ਡਗਸ਼ਈ (ਹਿਮਾਚਲ ਪ੍ਰਦੇਸ਼) ਵਿੱਚ ਹੋਏ ਜਲਸੇ ਵਿੱਚ ਡਾ. ਦੀਵਾਨ ਸਿੰਘ ਨੇ ਲੋਕਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਾਸਤੇ ਇਕੱਠੇ ਹੋਣ ਦਾ ਸੰਦੇਸ਼ ਦਿੱਤਾ ਜਿਸ ਕਾਰਨ ਉਨ੍ਹਾਂ ਖਿਲਾਫ਼ ਅੰਗਰੇਜ਼ ਹਕੂਮਤ ਨੇ ਮੁਕੱਦਮਾ ਦਰਜ ਕਰ ਲਿਆ ਪਰ ਉਹ ਉਥੋਂ ਦੇ ਲੋਕਾਂ ਦੇ ਦਿਲਾਂ ਵਿੱਚ ਵਸਦੇ ਸੀ ਜਿਸ ਕਾਰਨ ਗਵਾਹ ਨਾ ਮਿਲਣ ਕਾਰਨ ਉਹ ਬਰੀ ਹੋ ਗਏ।[3]

ਦੂਜੇ ਵਿਸ਼ਵ ਯੁੱਧ ਦੌਰਾਨ ਜਦੋਂ ਜਪਾਨ ਨੇ 1942 ਵਿਚ ਅੰਡੇਮਾਨ ਉੱਤੇ ਕਬਜ਼ਾ ਕਰ ਲਿਆ, ਦੀਵਾਨ ਸਿੰਘ ਬਹੁਤ ਦੁਖੀ ਹੋਇਆ। ਜਾਪਾਨੀ ਅਧਿਕਾਰੀਆਂ ਨੇ ਉਸਨੂੰ ਪੇਨਾਗ ਰੇਡੀਓ 'ਤੇ ਬ੍ਰਿਟਿਸ਼ਾਂ ਵਿਰੁੱਧ ਭਾਸ਼ਣ ਦੇਣ ਦੇ ਆਦੇਸ਼ ਦਿੱਤੇ, ਪਰ ਦੀਵਾਨ ਸਿੰਘ ਨੇ ਇਨਕਾਰ ਕਰ ਦਿੱਤਾ। ਉਸਨੂੰ ਜਾਪਾਨੀਆਂ ਨੇ 1943 ਵਿੱਚ ਗ੍ਰਿਫਤਾਰ ਕਰ ਲਿਆ। ਪੰਜਾਬੀ ਸਭਾ ਦੇ ਬਾਕੀ 65 ਮੈਂਬਰਾਂ ਨੂੰ ਵੀ ਸਲਾਖਾਂ ਪਿੱਛੇ ਰੱਖਿਆ ਗਿਆ। ਤਕਰੀਬਨ ਛੇ ਮਹੀਨਿਆਂ ਦੇ ਤਸ਼ੱਦਦ ਤੋਂ ਬਾਅਦ, ਉਸ ਨੂੰ ਪੰਜਾਬੀ ਸਭਾ ਦੇ ਹੋਰ ਮੈਂਬਰਾਂ ਸਮੇਤ ਕਤਲ ਕਰ ਦਿੱਤਾ ਗਿਆ। ਦੀਵਾਨ ਸਿੰਘ ਦੇ ਕਵਿਤਾਵਾਂ ਦਾ ਸੰਗ੍ਰਹਿ ਵਗਦੇ ਪਾਣੀ (1938) ਵਿਚ ਪ੍ਰਕਾਸ਼ਤ ਹੋਇਆ ਸੀ ਅਤੇ ਉਸਦਾ ਦੂਜਾ ਸੰਗ੍ਰਹਿ ਅੰਤਿਮ ਲਹਿਰਾਂ ਮਰਨ ਉਪਰੰਤ ਪ੍ਰਕਾਸ਼ਤ ਹੋਇਆ ਸੀ। ਦੀਵਾਨ ਸਿੰਘ ਰਵਾਇਤੀ ਕਵਿਤਾਵਿੱਚ ਰੁਚੀ ਨਹੀਂ ਰੱਖਦਾ ਸੀ ਅਤੇ ਮੁਕਤ-ਛੰਦ ਵਿਚ ਲਿਖਦਾ ਸੀ। ਉਸ ਉੱਤੇ ਪੂਰਨ ਸਿੰਘ ਦਾ ਪ੍ਰਭਾਵ ਸਪਸ਼ਟ ਵੇਖਿਆ ਜਾ ਸਕਦਾ ਹੈ। ਉਸ ਦੇ ਵਿਗਿਆਨਕ ਨਜ਼ਰੀਏ ਨੇ ਉਸਦੀ ਕਵਿਤਾ ਨੂੰ ਡੂੰਘੀ ਅਤੇ ਬੌਧਿਕ ਬਣਾਇਆ।[2]

ਕਵਿਤਾ ਦਾ ਨਮੂਨਾ

ਵਗਦੇ ਪਾਣੀ

ਪਾਣੀ ਵਗਦੇ ਹੀ ਰਹਿਣ,
ਕਿ ਵਗਦੇ ਸੁੰਹਦੇ ਨੇ,
ਖੜੋਂਦੇ ਬੁੱਸਦੇ ਨੇ,
ਕਿ ਪਾਣੀ ਵਗਦੇ ਹੀ ਰਹਿਣ।

ਜਿੰਦਾਂ ਮਿਲੀਆਂ ਹੀ ਰਹਿਣ,
ਕਿ ਮਿਲੀਆਂ ਜੀਂਦੀਆਂ ਨੇ,
ਵਿਛੜਿਆਂ ਮਰਦੀਆਂ ਨੇ,
ਕਿ ਜਿੰਦਾਂ ਮਿਲੀਆਂ ਹੀ ਰਹਿਣ।

ਰੂਹਾਂ ਉਡਦੀਆਂ ਹੀ ਰਹਿਣ,
ਇਹ ਉੱਡਿਆਂ ਚੜ੍ਹਦੀਆਂ ਨੇ,
ਅਟਕਿਆਂ ਡਿਗਦੀਆਂ ਨੇ,
ਕਿ ਰੂਹਾਂ ਉਡਦੀਆਂ ਹੀ ਰਹਿਣ।

ਤੇ ਮੈਂ ਟੁਰਦਾ ਹੀ ਰਹਾਂ,
ਕਿ ਟੁਰਿਆਂ ਵਧਦਾ ਹਾਂ,
ਖਲੋਇਆਂ ਘਟਨਾ ਹਾਂ,
ਕਿ ਹਾਂ, ਮੈਂ ਟੁਰਦਾ ਹੀ ਰਹਾਂ।

ਹਵਾਲੇ

ਫਰਮਾ:ਹਵਾਲੇ ਫਰਮਾ:ਭਾਰਤ ਦੇ ਸੁਤੰਤਰਤਾ ਸੰਗਰਾਮੀਏ

  1. 1.0 1.1 1.2 Singh, Atamjit. “Twentieth Century Punjabi Literature” (249-288) in Handbook of Twentieth Century Literatures of India (ed. Nalini Natarajan). Greenwood Press, London: 1996, 253.
  2. 2.0 2.1 Diwan Singh Kalepani
  3. ਹਰਪ੍ਰੀਤ ਸਿੰਘ ਸਵੈਚ (2019-01-14). "ਕਾਲੇਪਾਣੀਆਂ ਦੇ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ". Tribune Punjabi (in हिन्दी). Retrieved 2019-01-15.