ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾ

ਭਾਰਤਪੀਡੀਆ ਤੋਂ
Jump to navigation Jump to search

ਗੁਰੂ ਅਰਜਨ ਦੇਵ ਜੀ ਦੀ ਰਚਨਾ, ਕਲਾ ਪ੍ਰਬੰਧ ਤੇ ਵਿਚਾਰਧਾਰਾ

ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ।ਆਪ ਜੀ ਦਾ ਜਨਮ ਚੌਥੇ ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਦੇ ਘਰ 15 ਅਪ੍ਰੈਲ 1563 ਈ. ਵਿੱਚ ਗੋਇੰਦਵਾਲ ਵਿਖੇ ਹੋਇਆ।ਤੀਜੇ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਸਨ।ਆਪ ਜੀ ਦੀ ਪਤਨੀ ਦਾ ਨਾਂ ਗੰਗਾ ਜੀ ਸੀ ਤੇ ਇਹ ਪਿੰਡ ਮਿਓ ਜਿਲ੍ਹਾ ਜਲੰਧਰ ਦੇ ਵਾਸੀ ਸਨ। ਉਹਨਾਂ ਦੇ ਇੱਕ ਹੀ ਪੁਤਰ ਹਰਿਗੋਬਿੰਦ ਜੀ ਸਨ ਜੋ ਛੇਵੇਂ ਗੁਰੂ ਹੋਏ।ਗੁਰੂ ਜੀ ਦਾ ਆਪਣੇ ਜੀਵਨ ਕਾਲ ਵਿੱਚ ਕੀਤੇ ਕਾਰਜਾਂ ਵਿਚੋਂ ਸਭ ਤੋਂ ਮਹੱਤਵਪੂਰਨ ਕਾਰਜ ਆਦਿ ਗ੍ਰੰਥ ਦੀ ਸੰਪਾਦਨਾ ਹੈ ਜਿਸ ਦੇ ਨਾਲ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਆਇਆ।ਇਸ ਗ੍ਰੰਥ ਦਾ ਸੰਕਲਨ 1604 ਈ. ਵਿੱਚ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਨੇ ਇਸ ਵਿੱਚ ਪਹਿਲੇ 4 ਗੁਰੂਆਂ,15 ਭਗਤਾਂ, 11 ਭੱਟਾਂ ਅਤੇ ਗੁਰੂ ਘਰ ਦੇ ਨਿਕਟੀਆਂ ਦੀ ਬਾਣੀ ਨੂੰ ਸ਼ਾਮਿਲ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ।ਆਪਣੇ ਵਿਚਾਰਾਂ ਲਈ ਦ੍ਰਿੜਤਾ ਤੇ ਨਿਸਚੇ ਨੂੰ ਪ੍ਰਗਟਾਉਂਦਿਆਂ ਗੁਰੂ ਜੀ ਨੇ, ਸਮੇਂ ਦੀ ਸਰਕਾਰ ਦੀ ਈਨ ਨਾ ਮੰਨ, 1606 ਈ. ਵਿੱਚ ਸ਼ਹਾਦਤ ਦਾ ਜਾਮ ਪੀ ਕੇ ਸਿੱਖਾਂ ਵਿੱਚ ਸ਼ਹਾਦਤ ਦੀ ਸੁਨਿਹਰੀ ਰੀਤ ਨੂੰ ਤੋਰਿਆ।

ਰਚਨਾ

ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ 31 ਰਾਗਾਂ ਵਿਚੋਂ ਜੈਜਾਵੰਤੀ ਰਾਗ ਨੂੰ ਛੱਡ ਬਾਕੀ ਸਾਰੇ 30 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਹੈ।ਆਪ ਜੀ ਦੇ 2218 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।ਇਹਨਾਂ ਨੇ ਸਾਰੀ ਬਾਣੀ 1581 ਈ. ਤੋਂ 1604 ਈ. ਸਮੇਂ ਦੌਰਾਨ ਰਚੀ।ਗੁਰੂ ਜੀ ਦੀਆਂ ਪ੍ਰਮੁੱਖ ਬਾਣੀਆਂ ਗਉੜੀ ਸੁਖਮਨੀ, ਬਾਰਹਮਾਹ ਮਾਝ, ਬਾਵਨ ਅਕਰੀ, ਬਿਰਹੜੇ, ਗੁਣਵੰਤੀ, ਅੰਜੁਲੀ , ਪਹਿਰੇ, ਦਿਨ ਰੈਣਿ ਰਾਗ ਬੱਧ ਬਾਣੀਆਂ ਹਨ।ਸਲੋਕ ਵਾਰਾਂ ਤੇ ਵਧੀਕ , ਗਾਥਾ, ਫੁਨਹੇ, ਚਉ ਬੋਲੇ, ਸਲੋਕ ਸਹਸਕ੍ਰਿਤੀ, ਮੁੰਦਾਵਣੀ ਮਹਲਾ ੫ ਆਦਿ ਰਾਗ ਮੁਕਤ ਬਾਣੀਆਂ ਹਨ।

ਗਉੜੀ ਸੁਖਮਨੀ

ਸੁਖਮਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਮੁੱਚੀ ਬਾਣੀ ਵਿੱਚ ਸ਼ਰੋਮਣੀ, ਸਰਵ ਸ਼੍ਰੇਸਟ ਅਤੇ ਮਹੱਤਵਪੂਰਨ ਰਚਨਾ ਹੈ ਜੋ ਗੁਰਮਤਿ ਦਰਸ਼ਨ ਅਤੇ ਗੁਰਮਤਿ ਕਾਵਿ ਆਦਰਸ਼ ਨੂੰ ਅਭਿਵਿਅਕਤ ਕਰਦੀ ਹੈ।ਬਣਤਰ ਦੇ ਪੱਖ ਤੋਂ ਇਸ ਰਚਨਾ ਵਿੱਚ 24 ਅਸ਼ਟਪਦੀਆਂ ਅਤੇ 24 ਸਲੋਕ ਹਨ। ਇਸ ਨੂੰ ਮੱਧ ਯੁੱਗ ਦੀ ਪ੍ਰਬੰਧਕਾਰ ਵੀ ਕਿਹਾ ਜਾਂਦਾ ਹੈ ਜਿਸ ਵਿੱਚ ਮਨੁੱਖੀ ਜੀਵਨ ਵਿੱਚ ਦਰਪੇਸ਼ ਆਉਂਦੀਆਂ ਮਾਨਸਿਕ ਅਤੇ ਆਤਮਿਕ ਸਮੱਸਿਆਵਾਂ ਦੀ ਸ਼ਾਂਤੀ ਦਾ ਸਹੀ ਸਮਾਧਾਨ ਕੀਤਾ ਗਿਆ। ਭਾਈ ਕਾਨ੍ਹ ਸਿੰਘ ਨਾਭਾ ਨੇ ਸੁਖਮਨੀ ਦੇ ਅਰਥ ‘ਮਨ ਨੂੰ ਆਨੰਦ ਦੇਣ ਵਾਲੀ ਬਾਣੀ’ ਕੀਤੇ ਹਨ। ਸੁਖਮਨੀ ਭਾਵੇਂ ਅਧਿਆਤਮਕ ਰਚਨਾ ਹੈ ਪਰ ਇਸ ਦੇ ਬਾਵਜੂਦ ਇਸ ਵਿੱਚ ਬ੍ਰਹਮ, ਜਗਤ, ਜੀਵਆਤਮਾ, ਮੁਕਤੀ , ਆਵਾਗਮਨ ਆਦਿ ਵਿਸ਼ਿਆਂ ਨੂੰ ਵੀ ਨਿਰੂਪਣ ਕੀਤਾ ਹੈ।

ਅੰਜੁਲੀ

ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਹੱਥ ਜੋੜ ਕੇ ਬੇਨਤੀ ਕਰਨਾ।ਉਹ ਬੇਨਤੀ ਜੋ ਪ੍ਰਭੂ ਤੋਂ ਉਸ ਦਾ ਨਾਮ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ।ਗੁਰੂ ਅਰਜਨ ਦੇਵ ਜੀ ਦੀਆਂ ਦੋ ਅੰਜਲੀਆਂ ਚਾਰ ਪਦਾਂ ਵਾਲੀਆਂ ਅਤੇ ਦੋ ਅੱਠ ਪਦਾਂ ਵਾਲੀਆਂ ਹਨ।ਇਸ ਕਾਵਿ ਰੂਪ ਵਿੱਚ ਗੁਰੂ ਜੀ ਨੇ ਜੀਵ ਨੂੰ ਪਰਮ ਤੱਤ ਪ੍ਰਤੀ ਆਪਣਾ ਆਪ ਸਮਰਪਣ ਕਰਨ ਦਾ ਉਪਦੇਸ਼ ਦਿੱਤਾ ਹੈ। ਮਾਇਆ ਪ੍ਰਤੀ ਮਨੁੱਖ ਦੀ ਲਾਲਸਾ ਦਾ ਤਿਆਗ, ਸੱਚ ਦੀ ਪ੍ਰੇਰਨਾ, ਵਿਸ਼ੇ ਵਿਕਾਰਾਂ ਦਾ ਤਿਆਗ ਕਰਨ ਉਪਰ ਜ਼ੋਰ ਦਿੱਤਾ ਹੈ। ਇਹ ਮਾਰੂ ਰਾਗ ਵਿੱਚ ਹਨ।

ਬਾਰਹਮਾਹ ਮਾਝ

ਬਾਰਹਮਾਹ ਤੋਂ ਭਾਵ ਬਾਰ੍ਹਾਂ ਮਹੀਨਿਆਂ ਦਾ ਕਾਵਿਕ ਵਰਣਨ ਹੈ ਜੋ ਗੁਰੂ ਸਾਹਿਬ ਨੇ ਕੁਦਰਤੀ ਸੰਦਰਭ ਵਿੱਚ ਪੇਸ਼ ਕੀਤਾ ਹੈ।ਜਿਵੇਂ ਕੁਦਰਤ ਵਿੱਚ ਤਬਦੀਲੀ ਆਉਂਦੀ ਹੈ ਤਿਵੇਂ ਹੀ ਮਨੁੱਖੀ ਭਾਵਨਾਵਾਂ ਵਿੱਚ ਤਬਦੀਲੀ ਆਉਂਦੀ ਹੈ ਜਿਸਦੀ ਪੇਸ਼ਕਾਰੀ ਇਸ ਰਚਨਾ ਵਿੱਚ ਹੋਈ ਹੈ।ਬਿਰਹਾ ਦੀ ਸੁਰ ਇਸਦਾ ਮੂਲ ਆਧਾਰ ਹੈ ਤੇ ਬਿਰਹਨ ਇਸਤਰੀ ਇਸ ਦੀ ਨਾਇਕਾ ਹੈ। ਇਸ ਵਿੱਚ ਗੁਰੂ ਸਾਹਿਬਾਨ ਨੇ ਇਸਤਰੀ ਰੂਪੀ ਆਤਮਾ ਦੇ ਪਤੀ ਰੂਪ ਪਰਮਾਤਮਾ ਦੇ ਵਿਛੋੜੇ ਤੋਂ ਸੰਤਾਪ ਭੋਗਣ ਦੀ ਸਥਿਤੀ ਦਾ ਕੁਦਰਤੀ ਦ੍ਰਿਸ਼ਾਂ ਨਾਲ ਜੋੜ ਕੇ ਵਰਣਨ ਕੀਤਾ ਹੈ। ਇਸ ਵਿੱਚ ਚੇਤ ਤੋਂ ਲੈ ਕੇ ਮਾਘ ਤੱਕ ਵਿਯੋਗ ਦੀ ਅਵਸਥਾ ਅਤੇ ਫੱਗਣ ਵਿੱਚ ਪਤੀ ਰੂਪ ਪਰਮਾਤਮਾ ਨਾਲ ਸੰਯੋਗ ਦੀ ਅਵਸਥਾ ਹੈ।ਬਾਰਹਮਾਹ ਵਿੱਚ ਅਧਿਆਤਮਵਾਦ, ਰਹੱਸਵਾਦ, ਸਦਾਚਾਰ ਅਤੇ ਸੱਭਿਆਚਾਰ ਦਾ ਵਰਣਨ ਕੀਤਾ ਹੈ।

ਗੁਣਵੰਤੀ

ਗੁਣਵੰਤੀ ਸੂਹੀ ਰਾਗ ਵਿੱਚ ਰਚਿਤ ਤੇਰਾਂ ਸਤਰਾਂ ਦੀ ਗੁਰੂ ਜੀ ਦੀ ਇੱਕ ਪ੍ਰਤੀਨਿਧ, ਪ੍ਰਮੁੱਖ, ਪ੍ਰਭਾਵਸ਼ਾਲੀ ਅਤੇ ਪ੍ਰਤੀਕਾਤਮਕ ਬਾਣੀ ਹੈ, ਜਿਸ ਦਾ ਮੁੱਖ ਤੇ ਮੂਲ ਵਿਸ਼ਾ ਪ੍ਰਭੂ ਮਿਲਾਪ ਹੈ।ਵਿਦਵਾਨਾਂ ਅਨੁਸਾਰ ਗੁਣਵੰਤੀ ‘ਸ਼ੁਭ ਗੁਣਾਂ ਵਾਲੀ ਇਸਤਰੀ ਦਾ ਗੀਤ’ ਹੈ। ਇਸ ਵਿੱਚ ਸ਼ਰੇਸਠ ਗੁਣਾਂ ਦੀ ਵਿਆਖਿਆ ਕੀਤੀ ਹੈ। ਜਿਹਨਾਂ ਗੁਰਸਿਖਾਂ ਨੇ ਆਤਮ-ਸਮਰਪਨ ਅਤੇ ਨਿਮਰਤਾ ਨਾਲ ਪ੍ਰਭੂ ਅੱਗੇ ਆਪਣੇ ਆਪ ਨੂੰ ਰੱਖਿਆ ਹੈ ਉਹ ਪ੍ਰਭੂ ਨਾਲ ਮਿਲਾਪ ਕਰਦੇ ਹਨ। 5.ਬਿਰਹੜੇ: ਬਿਰਹੜੇ ਆਸਾ ਰਾਗ ਵਿੱਚ ਅੰਕਿਤ ਬਿਰਹੋਂ ਦੀ ਬਾਣੀ ਹੈ। ਸਾਰੀ ਬਾਣੀ ਅੱਠ-ਅੱਠ ਤੁਕਾਂ ਦੇ ਤਿੰਨ ਪਦਿਆਂ ਦੀ ਹੈ, ਜਿਹਨਾਂ ਵਿੱਚ ਪਰਮਾਤਮਾ ਨੂੰ ਮਿਲਣ ਦੀ ਤਾਂਘ, ਵਿਛੋੜੇ ਦੇ ਦੁਖ ਅਤੇ ਮਿਲਾਪ ਦੀ ਖੁਸ਼ੀ ਨੂੰ ਬੜੇ ਹਿਰਦੇ ਵੇਧਕ ਢੰਗ ਨਾਲ ਪੇਸ਼ ਕੀਤਾ ਹੈ

ਬਾਵਨ ਅੱਖਰੀ

ਗੁਰੂ ਅਰਜਨ ਦੇਵ ਜੀ ਨੇ ਇਸ ਪ੍ਰਸਿਧ ਰਚਨਾ ਵਿੱਚ ਬਵੰਜਾ ਅੱਖਰਾਂ ਨੂੰ ਆਧਾਰ ਬਣਾਕੇ ਵਿਆਖਿਆ ਕੀਤੀ ਤੇ ਉਪਦੇਸ਼ ਦਿੱਤਾ ਹੈ।। ਇਸ ਦੀਆਂ 55 ਪਉੜੀਆਂ ਤੇ 56 ਸਲੋਕ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਾਵਨ ਅੱਖਰੀਆਂ ਹਨ ਭਗਤ ਕਬੀਰ ਅਤੇ ਗੁਰੂ ਅਰਜਨ ਦੇਵ ਜੀ ਦੀਆਂ ਅਤੇ ਦੋਵੇਂ ਰਾਗ ਗਾਉੜੀ ਵਿੱਚ ਹਨ

ਪਹਿਰੇ

ਪਹਿਰ ਇੱਕ ਕਾਵਿ ਰੂਪ ਹੈ, ਜਿਸ ਵਿੱਚ ਸਮੇਂ ਦੇ ਮਾਪ ਦੰਡ ਪਹਿਰ ਨੂੰ ਆਧਾਰ ਬਣਾਕੇ ਬਾਣੀ ਰਚੀ ਹੈ। ਇਸ ਵਿੱਚ ਮਨੁੱਖ ਨੂੰ ਜੀਵਨ ਪ੍ਰਤੀ ਸੁਚੇਤ ਰਹਿਣ ਦੀ ਸਿਖਿਆ ਦਿੱਤੀ ਹੈ। ਪਹਿਲਾ ਸਮਾਂ ਮਾਤਾ ਦੇ ਗਰਭ ਤੋਂ ਜਨਮ ਲੈਣ ਤੱਕ ਦਾ ਹੈ। ਦੂਸਰਾ ਬਚਪਨ ਦੀ ਅਵਸਥਾ ਦਾ, ਤੀਸਰਾ ਜਵਾਨੀ ਅਤੇ ਚੌਥਾ ਪੜਾਅ ਬੁਢਾਪੇ ਦੀ ਅਵਸਥਾ ਦਾ ਹੈ।

ਸਲੋਕ ਸਹਸਕ੍ਰਿਤੀ

ਇਸ ਵਿੱਚ ਆਪ ਨੇ ਗੁਰਮਤਿ ਦੇ ਸਿਧਾਂਤਾਂ ਨੂੰ ਪ੍ਰਗਟ ਕੀਤਾ ਹੈ।ਇਸ ਬਾਣੀ ਵਿੱਚ ਸੰਸਾਰ ਦੀ ਨਾਸ਼ਮਾਨਤਾ ਦਾ ਜ਼ਿਕਰ ਕਰਦਿਆਂ ਕਰਮ ਕਾਂਡਾਂ ਦੀ ਨਿਖੇਧੀ ਅਤੇ ਨਾਮ ਸਿਮਰਨ ਤੇ ਜ਼ੋਰ ਦਿੱਤਾ ਹੈ।

ਗਾਥਾ

ਇਹ ਕਥਾ ਦਾ ਅਪਭ੍ਰੰਸ਼ ਸ਼ਬਦ ਹੈ।ਇਸ ਵਿੱਚ ਗੁਰੂ ਸਾਹਿਬ ਨੇ ਨਾਮ ਦੀ ਮਹਿਮਾ ਹਰੀ ਕੀਰਤਨ ਦੁਆਰਾ ਵਿਕਾਰਾਂ ਦਾ ਨਾਸ਼ ਅਤੇ ਭਗਤੀ ਰਸ ਦਾ ਆਨੰਦ ਪ੍ਰਗਟ ਕੀਤਾ ਹੈ।

ਚਉਬੋਲੇ

ਇਸ ਵਿੱਚ ਗਿਆਰਾਂ ਸਲੋਕ ਹਨ, ਜੋ ਚਾਰ ਭਗਤਾਂ -ਸੰਮਨ, ਮੂਸਨ, ਜਮਾਲ, ਪਤੰਗ ਪ੍ਰਤੀ ਉਚਾਰੇ ਹਨ। ਇਸ ਲਈ ਰਚਨਾ ਦਾ ਨਾ ਚਉਬੋਲੇ ਹੈ।ਇਸ ਵਿੱਚ ਪ੍ਰਭੂ ਪ੍ਰੇਮ ਦੀ ਮਹਾਨਤਾ ਨੂੰ ਦਰਸਾਇਆ ਗਿਆ ਹੈ।

ਸਲੋਕ ਵਾਰਾਂ ਤੇ ਵਧੀਕ

ਗੁਰੂ ਜੀ ਨੇ ਆਦਿ ਗ੍ਰੰਥ ਦੇ ਸੰਪਾਦਨ ਵੇਲੇ ਸਾਰੇ ਸਲੋਕਾਂ ਨੂੰ ਵਿਸ਼ੇ ਅਨੁਸਾਰ ਪੌੜੀਆਂ ਨਾਲ ਜੋੜ ਦਿਤਾ, ਪਰ ਉਹਨਾਂ ਵਿਚੋਂ ਕੁਝ ਸਲੋਕ ਵਾਧੂ ਬਚ ਗਏ, ਜਿਹਨਾਂ ਨੂੰ ਇੱਕ ਥਾਂ ਅੰਕਿਤ ਕਰ ਦਿੱਤਾ।ਇਸ ਵਿੱਚ ਪਰਮਾਤਮਾ ਨੂੰ ਸੱਚਾ ਮਿੱਤਰ ਆਖਿਆ ਗਿਆ ਹੈ। ਮਾਇਆ ਵਿੱਚ ਗ੍ਰਸੇ ਜੀਵ ਦੀ ਅਵਸਥਾ ਦਰਸਾਈ ਹੈ ਤੇ ਉਹਨਾਂ ਗੁਰਮੁਖਾਂ ਦਾ ਉਲੇਖ ਹੈ, ਜੋ ਸੱਚੇ ਸਾਈਂ ਦੇ ਪਿਆਰ ਵਿੱਚ ਰਚੇ ਹੋਏ ਹਨ।

ਮੁੰਦਾਵਣੀ ਮਹਲਾ ੫

ਇਸ ਵਿੱਚ ਗੁਰੂ ਸਾਹਿਬ ਦੇ ਕੇਵਲ ਦੋ ਸਲੋਕ ਹੀ ਸ਼ਾਮਿਲ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਤਿਮ ਸਲੋਕ ਹਨ।ਪਹਿਲੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਮਹਾਤਮ ਦੱਸਿਆ ਹੈ ਤੇ ਦੂਸਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਿਰਵਿਘਨ ਸੰਪਾਦਨ ਲਈ ਵਾਹਿਗੁਰੂ ਦਾ ਧੰਨਵਾਦ ਕੀਤਾ ਹੈ। ਇਸ ਬਾਣੀ ਤੋਂ ਇਲਾਵਾ ਰੁਤੀ, ਥਿਤੀ, ਦਿਨ ਰੈਣਿ, ਛੰਤ, ਸਲੋਕ ਫੁਨਹੇ, ਸਵਯੇ ਸ੍ਰੀ ਮੁਖਵਾਕ ਮਹਲਾ ੫, ਅਸ਼ਟਪਦੀਆਂ ਅਤੇ ਛੇ ਵਾਰਾਂ - ਵਾਰ ਗਉੜੀ, ਵਾਰ ਗੂਜਰੀ, ਵਾਰ ਜੈਤਸਰੀ, ਵਾਰ ਰਾਮਕਲੀ , ਵਾਰ ਮਾਰੂ ਅਤੇ ਵਾਰ ਬਸੰਤ ਆਦਿ ਮਹੱਤਵਪੂਰਨ ਰਚਨਾਵਾਂ ਗੁਰੂ ਜੀ ਦੀਆਂ ਹਨ।

ਕਲਾ ਪ੍ਰਬੰਧ

ਗੁਰੂ ਅਰਜਨ ਦੇਵ ਜੀ ਦੀ ਬਾਣੀ ਦੀ ਸ਼ਿਲਪਗਤ ਵਿਸ਼ੇਸਤਾਈਆਂ ਉਹਨਾਂ ਦੀ ਰਸ, ਅਲੰਕਾਰ, ਬਿੰਬ, ਭਾਸ਼ਾ ਤੇ ਸ਼ੈਲੀ ਅਤੇ ਛੰਦ ਯੋਜਨਾ ਹੈ।

ਰਸ

ਕਾਵਿ ਵਿੱਚ ਰਸ ਦੇ ਆਪਣੇ ਵਿਸ਼ੇਸ਼ ਅਰਥ ਹਨ, ਕਿਉਂਕਿ ਇਹ ਕਾਵਿ ਦੀ ਆਤਮਾ ਦੇ ਰੂਪ ਵਿੱਚ ਪ੍ਰਸਿੱਧ ਹੋਇਆ ਹੈ।ਰਸਾਂ ਦੀ ਗਿਣਤੀ 9 ਹੈ - ਸ਼ਿੰਗਾਰ, ਕਰੁਣਾ, ਅਦਭੁਤ, ਬੀਰ, ਭਿਆਨਕ, ਰੌਦਰ, ਹਾਸ ਤੇ ਸ਼ਾਂਤ ਰਸ।ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਸ਼ਾਂਤ, ਅਦਭੁਤ, ਹਾਸ, ਬੀਰ, ਸ਼ਿੰਗਾਰ, ਪ੍ਰੇਮ ਤੇ ਰਸ ਨੂੰ ਉਪਜਾਉਣ ਵਾਲੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ। ਸ਼ਾਂਤ ਰਸ: ਸੰਸਾਰਕ ਬੇਚੈਨੀ ਦੇ ਕਾਰਨ ਜਾਂ ਤੱਤ ਗਿਆਨ ਦੇ ਕਾਰਨ ਮਨ ਵਿੱਚ ਜਦੋਂ ਵੈਰਾਗ ਪੈਦਾ ਹੁੰਦਾ ਹੈ, ਉਥੇ ਸ਼ਾਂਤ ਰਸ ਦੀ ਸਥਿਤੀ ਮੰਨੀ ਗਈ ਹੈ।ਗੁਰੂ ਜੀ ਦੀ ਬਾਣੀ ਵਿੱਚ ਰਸਾਂ ਦੀ ਬਹੁਲਤਾ ਹੈ ਪ੍ਰੰਤੂ ਸ਼ਾਂਤ ਰਸ ਨੂੰ ਵਧੇਰੇ ਮਹੱਤਵ ਦਿੱਤਾ ਗਿਆ ਹੈ ਜਿਵੇਂ; ਚਿੜੀ ਚੂਹਕੀ ਪਹੁ ਫਟੀ ਵਗਨਿ ਬਹੁਤ ਤਰੰਗ ॥ ਅਚਾਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਸੰਗ ॥ (ਵਾਰ ਗਉੜੀ ਮਹਲਾ 5)

ਬੀਭਤਸ ਰਸ

ਕਿਸੇ ਘ੍ਰਿਣਾ ਯੋਗ ਚੀਜ਼ ਦਾ ਦ੍ਰਿਸ਼ ਪੇਸ਼ ਕਰਨਾ, ਕਿਸੇ ਭ੍ਰਿਸ਼ਟ ਮਨੁੱਖ ਦਾ ਭੈੜਾ ਅੰਤ ਦਿਖਾਉਣਾ ਬੀਭਤਸ ਰਸ ਹੈ।ਜਿਵੇਂ; ਸੁਪਨੇ ਸੇਤੀ ਚਿਤੁ ਮੂਰਖਿ ਲਾਇਆ॥ ਸਿਰੇ ਰਾਜ ਰਸ ਭੋਗ ਜਾਗਤ ਭਕਲਾਇਆ॥ ( ਵਾਰ ਜੈਤਸਰੀ ਮਹਲਾ 5)

ਅਲੰਕਾਰ

ਕਾਵਿ ਵਿੱਚ ਅਲੰਕਾਰ ਦਾ ਕਰਤੱਵ ਹੈ ਅਭਿਵਿਅਕਤੀ ਨੂੰ ਸ਼ੋਭਾ ਜਾਂ ਚਮਤਕਾਰ ਪ੍ਰਦਾਨ ਕਰਨਾ ਹੈ।ਅਲੰਕਾਰ ਸਧਾਰਨ ਨੂੰ ਅਸਧਾਰਨ ਬਣਾਉਂਦਾ ਹੈ। ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਭਾਵਾਂ ਦੇ ਪ੍ਰਗਟਾਵੇ ਲਈ ਅਲੰਕਾਰਾਂ ਦੀ ਵਰਤੋਂ ਹੋਈ ਮਿਲਦੀ ਹੈ। ਅਲੰਕਾਰਾਂ ਦੀ ਵਰਤੋਂ ਨਾਲ ਉਹਨਾਂ ਦਾ ਰਹੱਸਵਾਦੀ ਅਨੁਭਵ ਬਹੁਤ ਉਘੜਿਆਂ ਅਤੇ ਮਾਨਸਿਕ ਸਥਿਤੀ ਵੀ ਸਪੱਸ਼ਟ ਹੋਈ ਹੈ।ਅਲੰਕਾਰ ਦੇ ਤਿੰਨ ਭੇਦ ਹਨ-ਸ਼ਬਦ ਅਲੰਕਾਰ, ਅਰਥ ਅਲੰਕਾਰ ਅਤੇ ਸ਼ਬਦਾਰਥ ਅਲੰਕਾਰ।ਸ਼ਬਦ ਅਲੰਕਾਰ ਦੇ ਅੱਗੇ ਤਿੰਨ ਭਾਗ- ਅਨੁਪ੍ਰਾਸ, ਯਮਕ ਅਤੇ ਸ਼ਲੇਸ ਅਲੰਕਾਰ ਅਤੇ ਅਰਥ ਅਲੰਕਾਰ ਦੇ ਉਪਮਾ, ਰੂਪਕ, ਅਤਿਕਥਨੀ, ਦ੍ਰਿਸ਼ਟਾਂਤ ਅਲੰਕਾਰ ਹਨ।

ਯਮਕ ਅਲੰਕਾਰ

ਯਮਕ ਸ਼ਬਦ ਦਾ ਅਰਥ ਹੈ ਜੋੜਾ ਭਾਵ ਸ਼ਬਦਾਂ ਦਾ ਜੋੜਾ।ਜਿਥੇ ਨਿਰਾਰਥਕ ਸ਼ਬਦ ਜਾਂ ਭਿੰਨ-ਭਿੰਨ ਅਰਥਾਂ ਵਾਲੇ ਸਾਰਥਕ ਸ਼ਬਦਾਂ ਦਾ ਦੁਹਰਾਓ ਹੋਵੇ ਉਥੇ ਯਮਕ ਅਲੰਕਾਰ ਹੁੰਦਾ ਹੈ ਜਿਵੇਂ- ਨਾਮ ਸੁਣੇ ਨਾਮ ਸੰਗ੍ਰਹੇ ਨਾਮ ਲਿਵ ਲਾਵਉ (ਵਾਰ ਗਉੜੀ ਮ: 5)

ਅਤਿਕਥਨੀ ਅਲੰਕਾਰ

ਜਦੋਂ ਕਿਸੇ ਵਸਤੂ ਦਾ ਯਥਾਰਥ ਨਾਲੋਂ ਵੱਧ ਵਰਣਨ ਹੋਵੇ ਉਥੇ ਅਤਿਕਥਨੀ ਅਲੰਕਾਰ ਹੈ।ਜਿਵੇਂ; ਸੂਰਬੀਰ ਵਰਿਆਮ ਕਿਨੇ ਨ ਜੋੜੀਐ॥ ਫਉਜ ਸਤਾਵੀ ਹਾਠ ਪੰਜਾ ਜੋੜੀਐ॥( ਵਾਰ ਜੈਤਸਰੀ ਮ:5)

ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਲਗਪਗ ਸਾਰੇ ਅਲੰਕਾਰਾਂ ਦੀ ਵਰਤੋਂ ਕੀਤੀ ਹੈ।

ਬਿੰਬ ਵਿਧਾਨ

ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਵਰਤੇ ਗਏ ਬਿੰਬਾਂ ਦਾ ਖੇਤਰ ਬੜਾ ਵਿਸ਼ਾ ਹੈ।ਉਹਨਾਂ ਨੇ ਆਪਣੇ ਜੀਵਨ ਦੇ ਵਿਸ਼ਾਲ ਅਨੁਭਵ ਰਾਹੀਂ ਵੱਖ-ਵੱਖ ਪੱਖਾਂ ਤੋਂ ਬਿੰਬ ਲਏ ਹਨ।ਦ੍ਰਿਸ਼ਟੀਮੂਲਕ ਬਿੰਬ, ਨਾਦ, ਸਪਰਸ਼, ਗੰਧ, ਰਸ,, ਪ੍ਰਤੀਕ, ਇਤਿਹਾਸਕ ਬਿੰਬ ਆਦਿ ਦੀ ਵਰਤੋਂ ਕੀਤੀ ਹੈ ਜਿਵੇਂ;

ਨਾਦ ਮੂਲਕ ਬਿੰਬ

ਇਸ ਦਾ ਬੋਧ ਸੁਣਨ ਇੰਦਰੀ ਰਾਹੀਂ ਹੁੰਦਾ ਹੈ।ਸਾਜਾਂ ਦੇ ਨਾਦ ਜਾਂ ਸ਼ਬਦਾਂ ਦੀ ਨਾਦਮਈ ਵਿਧੀ ਦੁਆਰਾ ਇਸ ਬਿੰਬ ਦੀ ਸਿਰਜਨਾ ਕੀਤੀ ਜਾਂਦੀ ਹੈ। ਅਜਿਹੇ ਬਿੰਬਾਂ ਦੀ ਵੀ ਗੁਰੂ ਸਾਹਿਬ ਦੀ ਬਾਣੀ ਵਿੱਚ ਕਾਫੀ ਸਿਰਜਨਾ ਹੋਈ ਹੈ। ਹੇਠਲੀਆਂ ਪੰਕਤੀਆਂ ਵਿੱਚ ਇਸ ਦਾ ਬੋਧ ਹੁੰਦਾ ਹੈ; ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ॥ …………………………….. ਦੁਖੀਆ ਦਰਦ ਘਣੇ ਵੇਦਨ ਜਾਣੈ ਤੂੰ ਧਣੀ॥

ਉਪਰੋਕਤ ਪੰਕਤੀਆਂ ਵਿੱਚ ਰਿਮਝਿਮ ਵਰਸਦੀ ਵਰਖਾ ਦਾ ਮਧੁਰ ਨਾਦ ਅਤੇ ਦੁਖੀ ਵਿਅਕਤੀਆਂ ਦਾ ਪੱਥਰਾਂ ਨੂੰ ਕੰਬਾ ਦੇਣ ਵਾਲੇ ਵਿਰਲਾਪ ਰਾਹੀਂ ਨਾਦ ਬੋਧ ਸਪਸ਼ਟ ਹੁੰਦਾ ਹੈ।

ਗੰਧ ਮੂਲਕ ਬਿੰਬ

ਇਸ ਦਾ ਬੋਧ ਸੁੰਘਣ ਇੰਦਰੀ ਦੁਆਰਾ ਹੁੰਦਾ ਹੈ।ਇਸ ਬਿੰਬ ਦੀ ਉਦਾਹਰਨ ਵੀ ਗੁਰੂ ਜੀ ਦੀ ਬਾਣੀ ਵਿੱਚ ਉਪਲਬਧ ਹਨ।ਜਿਵੇਂ; ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ॥ ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ॥

ਇਹਨਾਂ ਪੰਕਤੀਆਂ ਵਿੱਚ ਭਿੰਨ-ਭਿੰਨ ਸੁਗੰਧੀਆਂ ਦਾ ਗਿਆਨ ਕਰਾਇਆ ਗਿਆ ਹੈ।

ਛੰਦ ਯੋਜਨਾ

ਅਖਰਾਂ ਜਾਂ ਵਰਨਾਂ ਤੇ ਮਾਤਰਾ ਆਦਿ ਨਾਲ ਸਬੰਧਿਤ, ਵਿਸ਼ੇਸ ਨਿਯਮਾਂ ਨਾਲ ਕੀਤੇ ਪਦ ਆਯੋਜਨ ਨੂੰ ਛੰਦ ਵਿਧਾਨ ਆਖਦੇ ਹਨ। ਛੰਦ ਛੇ ਪ੍ਰਕਾਰ ਦੇ ਹਨ - ਦੋਹਿਰਾ, ਕੋਰੜਾ, ਕਬਿੱਤ, ਬੈਂਤ, ਚੌਪਈ ਅਤੇ ਦਵਈਆਂ। ਗੁਰੂ ਅਰਜਨ ਦੇਵ ਜੀ ਜਿਥੇ ਰਾਗ ਵਿਦਿਆ ਵਿੱਚ ਨਿਪੁੰਨ ਸਨ ਉਥੇ ਉਹ ਛੰਦ ਯੋਜਨਾ ਵਿੱਚ ਵੀ ਬੜੇ ਮਾਹਿਰ ਸਨ। ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਮਾਤ੍ਰਿਕ ਛੰਦ ਦੀਆਂ ਪੰਜ ਕਿਸਮਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ ਜਿਵੇਂ ਨਿਸ਼ਾਨੀ, ਰਾਧਕਾ, ਹੰਸਗਤੀ, ਮੁਕਤਾਮਣੀ ਅਤੇ ਦੋਹਿਰਾ।

ਨਿਸ਼ਾਨੀ ਛੰਦ

ਇਸ ਵਿੱਚ ਚਾਰ ਚਰਣ, 23 ਮਾਤਰਾਂ ( 13 + 10) ਅਤੇ ਅੰਤ ਵਿੱਚ ਦੋ ਗੁਰੂ ਹੁੰਦੇ ਹਨ। ਗਉੜੀ ਦੀ ਵਾਰ ਵਿੱਚ ਇਸ ਦੇ ਨਮੂਨੇ ਵੇਖੇ ਜਾ ਸਕਦੇ ਹਨ; ਸੰਤ ਨਿਧਾਨ ਘਰ ਜਿਸਦੇ ਹਰਿ ਕਰੈਸੁ ਹੋਵੈ॥ ਜਪਿ ਜਪਿ ਜੀਵਹਿ ਸੰਤ ਜਨ ਪਾਪਾ ਮਲੁ ਧੋਵੈ॥ (ਗਉੜੀ ਕੀ ਵਾਰ ਮਹਲਾ 5)

ਦੋਹਿਰਾ ਛੰਦ

ਇਸਦੇ ਚਾਰ ਚਰਨ ਅਤੇ ਹਰ ਤੁਕ ਦੀਆਂ 24 ਮਾਤਰਾ ਹੁੰਦੀਆਂ ਹਨ ਪਹਿਲਾ ਵਿਸਰਾਮ 13 ਮਾਤਰਾ ਅਤੇ ਦੂਜਾ 11 ਮਾਤਰਾ ਤੇ ਹੁੰਦੇ ਹੈ। ਅਗਲੀਆਂ ਤੁਕਾਂ ਵਿੱਚ ਵੀ ਗਿਣਤੀ ਇਸ ਤਰ੍ਹਾਂ ਹੀ ਹੁੰਦੀ ਹੈ। ਗੁਰੂ ਜੀ ਦੀ ਬਾਣੀ ਵਿੱਚ ਇਸ ਦੀ ਵਰਤੋਂ ਮਿਲਦੀ ਹੈ ਜਿਵੇਂ; ਕੋਟਿ ਬਿਘਨ ਤਿਸੁ ਲਾਗਤੇ ਜਿਸਨੋ ਵਿਸਰੇ ਨਾਉ॥ ਨਾਨਕ ਅਨਦਿਨ ਬਿਲਪਤੇ ਜਿਉਂ ਸੁੰਝੇ ਘਰਿ ਕਾਉ॥ ( ਵਾਰ ਗੂਜਰੀ ਮ: 5)

ਭਾਸ਼ਾ ਤੇ ਸ਼ੈਲੀ

ਗੁਰੂ ਅਰਜਨ ਦੇਵ ਜੀ ਦੀ ਭਾਸ਼ਾ ਅੱਜ ਦੀ ਠੇਠ ਤੇ ਟਕਸਾਲੀ ਪੰਜਾਬੀ ਨਹੀਂ ਪਰ ਫਿਰ ਵੀ ਇਸ ਦਾ ਜੁੱਸਾ ਉਸ ਪੰਜਾਬੀ ਦਾ ਹੈ ਜਿਹੜਾ ਅੱਜ ਤੋਂ ਢਾਈ ਸੌ ਸਾਲ ਪਹਿਲਾਂ ਸਾਧੂ ਫਕੀਰਾਂ ਦੀ ਮਹਿਫਲ ਵਿੱਚ ਬੋਲੀ ਜਾਂਦੀ ਸੀ। ਗੁਰੂ ਜੀ ਦੀ ਬਾਣੀ ਦੀ ਬੋਲੀ ਵਿੱਚ ਅਨੇਕ ਭਾਸ਼ਾਵਾਂ ਦਾ ਮਿਸ਼ਰਨ ਹੈ , ਜਿਸ ਵਿੱਚ ਫ਼ਾਰਸੀ , ਸੰਸਕ੍ਰਿਤ, ਦੱਖਣੀ ਬੋਲੀ, ਲਹਿੰਦੀ ਅਤੇ ਮੁਲਤਾਨੀ ਆਦਿ ਦੇ ਅੰਸ਼ ਮਿਲਦੇ ਹਨ। ਗੁਰੂ ਜੀ ਦੇ ਰਚੇ ਸਲੋਕਾਂ ਵਿੱਚ ਆਈ ਲਹਿੰਦੀ ਸ਼ਬਦਾਵਲੀ ਮੁਲਤਾਨ ਛੁੱਟ ਸਿੰਧ, ਸ਼ਿਕਾਰਪੁਰ ਅਤੇ ਬਹਾਵਲਪੁਰ ਵਿੱਚ ਵਰਤੀ ਜਾਂਦੀ ਹੈ।ਇਹਨਾਂ ਸ਼ਬਦਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਪੰਜਾਬੀ ਦੇ ਠੇਠ ਮੁਹਾਵਰੇ ਭਾਵ ਮਾਝੀ ਦੀ ਭੁਮਿਕਾ ਵਿੱਚ ਇਸ ਉਪਭਾਸ਼ਾ ਦੇ ਧੁਨੀ ਪਰਿਵਰਤਨ ਇਹਨਾਂ ਸਲੋਕਾਂ ਵਿੱਚ ਰੂਪਮਾਨ ਹੁੰਦੇ ਹਨ ਜਿਵੇਂ ‘ੲ’ ਦੀ ਥਾਂ ‘ਹ’, ‘ਇਕ’ ਨੂੰ ‘ਹਿਕ’, ‘ਰ’ ਦੀ ਥਾਂ ‘ੜ’ ਦੀ ਵਰਤੋਂ ਆਦਿ। ਗੁਰੂ ਅਰਜਨ ਦੇਵ ਦੀ ਦੀ ਬਾਣੀ ਵਿੱਚ ਸੰਸਕ੍ਰਿਤ, ਬ੍ਰਿਜ ਅਤੇ ਅਰਬੀ ਫਾਰਸੀ ਦੇ ਸ਼ਬਦ ਆਮ ਮਿਲਦੇ ਹਨ ਜਿਵੇਂ ਸੰਸਕ੍ਰਿਤ ਦੇ ਅਮਮ੍ਰਿਤ, ਰਕਤ, ਰਸਨਾ, ਪਰਖ ਆਦਿ।ਬ੍ਰਿਜ ਦੇ ਰਾਤੇ, ਬਿਸਰੈ, ਦੂਖ, ਕਾਪਰ ਆਦਿ। ਅਰਬੀ ਫ਼ਾਰਸੀ ਦੇ ਫੁਰਮਾਨ, ਪਾਤਸ਼ਾਹ, ਪਾਕ , ਮਿਹਰ, ਰਿਜ਼ਕ ਆਦਿ ਅਤੇ ਪੋਠੋਹਾਰੀ ਹਿਕ, ਹਉ, ਹਿਕਸ ਆਦਿ। ਇੰਝ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਫ਼ਾਰਸੀ, ਅਰਬੀ, ਪੋਠੋਹਾਰੀ, ਪੰਜਾਬੀ ਅਤੇ ਲਹਿੰਦੀ ਆਦਿ ਬੋਲੀਆਂ ਦਾ ਮਿਸ਼ਰਨ ਹੈ ਜੋ ਗੁਰੁ ਜੀ ਦੀ ਸਰਬ ਸਾਂਝੀ ਸ਼ਖ਼ਸੀਅਤ ਅਤੇ ਫ਼ਕੀਰੀ ਸ਼ਾਨ ਦਾ ਲਖਾਇਕ ਹੈ।

ਸ਼ੈਲੀ

ਗੁਰੂ ਅਰਜਨ ਦੇਵ ਜੀ ਦੀ ਕਾਵਿ ਸ਼ੈਲੀ ਦੀ ਆਪਣੀ ਵਿਲੱਖਣਤਾ ਹੈ।ਵਿਲੱਖਣਤਾ ਉਸਦੇ ਪ੍ਰੇਰਣਾਤਮਕ ਹੋਣ ਵਿੱਚ ਹੈ।ਇਸ ਸਬੰਧ ਵਿੱਚ ‘ਸੁਖਮਨੀ’ ਨਾਂ ਦੀ ਰਚਨਾ ਤੋਂ ਅਨੇਕ ਉਦਾਹਰਨ ਦਿੱਤੇ ਜਾ ਸਕਦੇ ਹਨ। ਗੁਰੂ ਜੀ ਨੇ ਗੱਲ ਇਤਨੇ ਸਹਿਜ ਭਾਵ ਨਾਲ ਪਰ ਬਾਰ-ਬਾਰ ਦੋਹਰਾ ਕੇ ਕਹੀ ਹੈ ਕਿ ਉਖੜਿਆ ਜਗਿਆਸੂ ਸਹਿਜੇ ਸਹਿਜੇ ਆਪਣਾ ਸਮੂਲ ਮਤ ਪਰਿਵਰਤਨ ਕਰ ਲੈਂਦਾ ਹੈ। ਸ਼ਬਦਾਂ ਦੀ ਸੁੰਦਰ ਯੋਜਨਾ, ਕੁਝ ਸ਼ਬਦਾਂ ਤੇ ਵਿਸ਼ੇਸ਼ ਜ਼ੋਰ, ਖ਼ਾਸ ਖ਼ਾਸ ਸ਼ਬਦਾਂ ਦੀ ਪੁਨਰਾਵ੍ਰਿਤੀ , ਪ੍ਰਸ਼ਨ ਕਰਕੇ ਬਾਦਲੀਲ ਉਤਰ ਦੇਣ ਦਾ ਢੰਗ, ਸੰਬੋਧਨੀ ਵਿਧੀ, ਨਿਮਰਤਾ ਸੂਚਕ, ਸ਼ਬਦਾਂ ਦੀ ਵਰਤੋਂ ਆਦਿ ਅਨੇਕ ਪੱਖ ਗੁਰੂ ਅਰਜਨ ਬਾਣੀ ਨੂੰ ਕਲਾਸਕੀ ਸਰੂਪ ਪ੍ਰਦਾਨ ਕਰਦੇ ਹਨ।ਇਹਨਾਂ ਦੀ ਬਾਣੀ ਦੀ ਸ਼ੈਲੀ ਦੀ ਇੱਕ ਵਿਸ਼ੇਸ਼ਤਾ ਰਾਗ ਬੱਧਤਾ ਹੈ। ਉਹਨਾਂ ਅਨੁਸਾਰ ਸ੍ਰੇਸ਼ਟਤਮ ਸੰਗੀਤ ਉਹ ਹੈ ਜੋ ਮਨੁੱਖ ਨੂੰ ਵਸਤੂ ਨਾਲੋ ਤੋੜਕੇ ਪਰਮਾਰਥ ਵਲ ਲਾਉਂਦਾ ਹੈ। ਆਪਣੀ ਬਾਣੀ ਵਿੱਚ ਉਹਨਾਂ ਨੇ ਮਧੁਰ ਸ਼ੈਲੀ ਦਾ ਪ੍ਰਯੋਗ ਕੀਤਾ ਹੈ। ਉਹਨਾਂ ਦੀ ਸ਼ੈਲੀ ਵਿੱਚ ਨਵੇਂ ਤੋਂ ਨਵੇਂ ਅਤੇ ਇੱਕ ਸ਼੍ਰੇਸਟ ਭਾਵ ਚਿਤਰ ਰਚਣ ਦੀ ਯੋਗਤਾ ਹੈ। ਸਰਲਤਾ, ਸਾਦਗੀ ਅਤੇ ਸਪਸ਼ਟਤਾ ਗੁਰੂ ਜੀ ਦੀ ਬਾਣੀ ਵਿੱਚ ਇੰਨੀ ਹੈ ਕਿ ਸਧਾਰਨ ਮਨੁੱਖ ਵੀ ਬੜੀ ਆਸਾਨੀ ਨਾਲ ਇਸ ਨੂੰ ਸਮਝ ਸਕਦਾ ਹੈ।ਇਹਨਾਂ ਦਾ ਸਭ ਤੋਂ ਵੱਡਾ ਗੁਣ ਸੰਖੇਪ ਸ਼ੈਲੀ ਦਾ ਹੈ। ਕਾਵਿ ਰੂਪ: ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਲੋਕ ਅਤੇ ਸਾਹਿਤਕ ਕਾਵਿ ਰੂਪਾਂ ਦੀ ਵਰਤੋਂ ਕੀਤੀ ਹੈ; ਲੋਕ ਕਾਵਿ ਰੂਪ ਤੋਂ ਭਾਵ ਉਹ ਕਾਵਿ ਰੂਪ ਜੋ ਆਮ ਲੋਕਾਂ ਦੀ ਭਾਸ਼ਾ ਵਿੱਚ ਮਿਲਦਾ ਹੈ। ਲੋਕ ਕਾਵਿ ਰੂਪ ਵਧੇਰੇ ਕਰਕੇ ਮੌਖਿਕ ਰੂਪ ਵਿੱਚ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦਾ ਹੈ।ਗੁਰੂ ਜੀ ਦੀ ਬਾਣੀ ਵਿੱਚ ਵਾਰਾਂ, ਘੋੜੀਆਂ, ਦਿਨ ਰੈਣਿ, ਪਹਿਰੇ, ਰੁਤੀ, ਥਿਤੀ ਆਦਿ ਲੋਕ ਕਾਵਿ ਰੂਪ ਹਨ। ਸਾਹਿਤਕ ਕਾਵਿ ਰੂਪ ਤੋਂ ਭਾਵ ਉਸ ਕਾਵਿ ਰੂਪ ਤੋਂ ਹੈ ਜੋ ਆਮ ਲੋਕਾਈ ਦੀ ਬੋਲੀ ਤੋਂ ਪਰ੍ਹੇ ਵਿਸ਼ੇਸ਼ ਬੋਲੀ ਤੇ ਸ਼ੈਲੀ ਵਿੱਚ ਬੰਨ੍ਹਿਆ ਹੁੰਦਾ ਹੈ।ਇਹਨਾਂ ਦੀ ਬਾਣੀ ਵਿੱਚ ਅਸ਼ਟਪਦੀਆਂ, ਸ਼ਲੋਕ, ਬਾਵਨ ਅੱਖਰੀ ਆਦਿ ਸਹਿਤਕ ਰੂਪ ਹਨ।

ਵਿਚਾਰਧਾਰਾ

ਗੁਰੂ ਅਰਜਨ ਦੇਵ ਜੀ ਇੱਕ ਮਹਾਨ ਅਧਿਆਤਮਕ ਸਾਧਕ ਸਨ। ਉਹਨਾਂ ਦੀ ਆਪਣੀ ਅਧਿਆਤਮਕ ਵਿਚਾਰਧਾਰਾ ਸੀ ਜਿਸ ਦਾ ਵਿਸ਼ਲੇਸ਼ਣ ਕਰਨ ਵੇਲੇ ਮੁਖ ਤੌਰ ‘ਤੇ ਪਰਮਾਤਮਾ, ਗੁਰੂ , ਜੀਵ, ਜਗਤ, ਮੁਕਤੀ ਆਦਿ ਪੱਖਾਂ ਨੂੰ ਵਿਸ਼ੇਸ਼ ਰੂਪ ਵਿੱਚ ਵਿਚਾਰਨਾ ਉਚਿਤ ਹੋਵੇਗਾ। ਗੁਰੂ ਗ੍ਰੰਥ ਸਾਹਿਬ ਵਿੱਚ ਥਾਂ-ਥਾਂ ਤੇ ਨਾਮ ਸਿਮਰਨ ਦੀ ਮਹਿਮਾ ਦਾ ਜ਼ਿਕਰ ਮਿਲਦਾ ਹੈ। ਉਹਨਾਂ ਅਨੁਸਾਰ ਨਾਮ ਦਾ ਦਰਜਾ ਪੁੰਨ, ਦਾਨ, ਜਪ ਤਪ ਆਦਿ ਨਾਲੋਂ ਉੱਚਾ ਹੈ। ਜੋ ਨਾਮ ਦਾ ਜਾਪ ਕਰਦਾ ਹੈ ਉਸਦੇ ਸਭ ਕੰਮ ਪੂਰਣ ਹੁੰਦੇ ਹਨ। ਸਿਮਰਨ ਦੁਆਰਾ ਹੀ ਜੀਵ ਆਪਣਾ ਧਿਆਨ ਸੰਸਾਰਿਕ ਪਦਾਰਥਾਂ ਤੋਂ ਹਟਾ ਕੇ ਪਰਮਾਤਮਾ ਨਾਲ ਜੋੜਦਾ ਹੈ।ਗੁਰੂ ਜੀ ਦੀ ਸਾਰੀ ਬਾਣੀ ਵਿੱਚ ਸਿਮਰਨ ਦਾ ਮਹੱਤਵ ਦੱਸਿਆ ਹੈ ਪ੍ਰੰਤੂ ਸੁਖਮਨੀ ਵਿੱਚ ਸਿਮਰਨ ਨੂੰ ਸਰਵੋਤਮ ਸਥਾਨ ਦਿੱਤਾ ਗਿਆ ਹੈ। ਨਾਮ ਸਿਮਰਨ ਤੋਂ ਪਿਛੋਂ ਸਾਧ ਸੰਗਤ ਭਾਵ ਸਤਿਸੰਗਤ ਦਾ ਭਗਤੀ ਮਾਰਗ ਵਿੱਚ ਵਿਸ਼ੇਸ਼ ਮਹੱਤਵ ਹੈ। ਸਾਧ ਸੰਗਤ ਤੋਂ ਭਾਵ ਉਹਨਾਂ ਨੇਕ ਤੇ ਸੰਤ ਪੁਰਸ਼ਾਂ ਦੀ ਸੰਗਤ ਹੈ ਜਿਸ ਵਿੱਚ ਪਰਮਾਤਮਾ ਦੇ ਨਾਮ ਦਾ ਗੁਣਗਾਨ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਲਿਖਦੇ ਹਨ; ਸਤਿਸੰਗਤ ਕੈਸੀ ਜਾਣੀਐ॥ ਜਿਥੈ ਏਕੋ ਨਾਮ ਵਖਾਣੀਐ॥ ( ਸਿ. ਰਾ. ਮ. 5)

ਸਾਧ ਸੰਗਤ ਨਾਲ ਮਨੁੱਖ ਦੀ ਕਾਇਆ ਕਲਪ ਹੋ ਜਾਂਦੀ ਹੈ। ਇਸੇ ਤਰ੍ਹਾਂ ਗੁਰਮਤਿ ਵਿੱਚ ਹੁਕਮ ਦੀ ਬਹੁਤ ਮਹਤੱਤਾ ਹੈ। ਗੁਰੂ ਜੀ ਅਨੁਸਾਰ ਮਨੁੱਖ ਦਾ ਕਰਤੱਵ ਹੈ ਪ੍ਰਭੂ ਦੇ ਇਸ ਹੁਕਮ ਨੂੰ ਪਛਾਣੇ ਕਿਉਂਕਿ ਗੁਰੂ ਦੀ ਕ੍ਰਿਪਾ ਦੁਆਰਾ ਪ੍ਰਭੂ ਦੇ ਹੁਕਮ ਨੂੰ ਸਮਝਣ ਨਾਲ ਹੀ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਹੁਕਮ ਦਾ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਹਨ ਕਿ ਮਨੁੱਖ ਨੂੰ ਆਪਣੀ ਮਤ ਤਿਆਗ ਕੇ ਪ੍ਰਭੂ ਦੇ ਹੁਕਮ ਅਨੁਸਾਰ ਚਲਣਾ ਚਾਹੀਦਾ ਹੈ ਅਤੇ ਦੁਖ ਸੁਖ ਦੀ ਅਵਸਥਾ ਵਿੱਚ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ; ਮਨ ਕੀ ਮਤਿ ਤਿਆਗਹੁ ਹਰਿਜਨ ਹੁਕਮ ਬੂਝਿ ਸੁਖ ਪਾਈਐ ਲੇ॥ ਜੋ ਪ੍ਰਭ ਕਰੈ ਸੋਈ ਭਲਾ ਮਾਨਹੁ ਸੁਖ ਦੁਖਿ ੳਹੀ ਧਿਆਈਐ ਰੇ॥

ਗੁਰੂ ਜੀ ਨੇ ਵਿਅਕਤੀ ਨੂੰ ਸਚਿਆਰਾ ਬਣਨ ਅਤੇ ਆਤਮਿਕ ਗਿਆਨ ਦੀ ਪ੍ਰਾਪਤੀ ਕਰਨ ਵੱਲ ਪ੍ਰੇਰਿਤ ਕਰਨ ‘ਤੇ ਜ਼ੋਰ ਦਿੱਤਾ ਹੈ। ਗੁਰੂ ਜੀ ਨੇ ਚੰਗੇ ਆਚਰਨ ਦੀ ਉਸਾਰੀ ਲਈ ਵਿਅਕਤੀ ਨੂੰ ਸਾਦਾ ਜੀਵਨ ਬਤੀਤ ਕਰਨ , ਈਮਾਨਦਾਰੀ, ਸਰਬੱਤ ਦਾ ਭਲਾ ਮੰਗਣ, ਲੋਭ, ਲਾਲਚ, ਗੁੱਸੇ ਦਾ ਤਿਆਗ ਕਰਨ ਦਾ ਉਪਦੇਸ਼ ਦਿੱਤਾ।

ਸਿੱਟਾ

ਉਪਰੋਕਤ ਚਰਚਾ ਪਿਛੋਂ ਅਸੀ ਇਸ ਸਿੱਟੇ ‘ਤੇ ਪੁੱਜਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਤੀਹ (30) ਰਾਗਾਂ ਵਿੱਚ ਸਾਰੇ ਗੁਰੂ ਸਾਹਿਬਾਨ ਨਾਲੋਂ ਵੱਧ ਬਾਣੀ ਦੀ ਰਚਨਾ ਕੀਤੀ। ਉਹਨਾਂ ਦੀ ਬਾਣੀ ਵਿਚਲਾ ਕਲਾ ਪ੍ਰਬੰਧ ਵੇਖਣਯੋਗ ਹੈ। ਉਹਨਾਂ ਨੇ ਆਪਣੀ ਬਾਣੀ ਵਿੱਚ ਰਸ, ਅਲੰਕਾਰ, ਬਿੰਬ, ਛੰਦ ਅਤੇ ਭਾਸ਼ਾ ਤੇ ਸ਼ੈਲੀ ਦੀ ਵਰਤੋਂ ਬੜੇ ਸੁਚੱਜੇ ਢੰਗ ਨਾਲ ਕੀਤੀ ਹੈ।ਗੁਰੂ ਜੀ ਦੀ ਵਿਚਾਰਧਾਰਾ ਸਰਬਵਿਆਪਕ ਤੇ ਸਰਬਕਾਲੀ ਹੈ। ਉਹਨਾਂ ਨੇ ਮਨੁੱਖ ਨੂੰ ਨਾਮ ਜਪਣਾ, ਸਤਿਸੰਗ ਕਰਨ, ਪ੍ਰਭੂ ਦਾ ਹੁਕਮ ਮੰਨਣ ਅਤੇ ਨੈਤਿਕ ਜੀਵਨ ਬਤੀਤ ਕਰਨ ਤੇ ਜੋਰ ਦੇਣ ਲਈ ਕਿਹਾ ਹੈ। ਇਸ ਤਰ੍ਹਾਂ ਗੁਰੂ ਜੀ ਦੀ ਧਾਰਮਿਕ, ਸਮਾਜਿਕ ਤੇ ਅਕਾਦਮਿਕ ਜਗਤ ਨੂੰ ਅਣਮੋਲ ਦੇਣ ਦਿੱਤੀ ਹੈ।

ਪੁਸਤਕ ਹਵਾਲੇ

  1. ਡਾ. ਅਵਤਾਰ ਸਿੰਘ, ਗੁਰੂ ਅਰਜਨ ਦੇਵ ਜੀ : ਜੀਵਨ ਤੇ ਬਾਣੀ, ਲੋਕਗੀਤ ਪ੍ਰਕਾਸ਼ਨ ਚੰਡੀਗੜ।
  2. ਗੁਰਮੁਖ ਸਿੰਘ, ਗੁਰੂ ਅਰਜਨ ਦੇਵ ਜੀ: ਜੀਵਨ ਦਰਸ਼ਨ ਅਤੇ ਬਾਣੀ, ਰੂਹੀ ਪ੍ਰਕਾਸ਼ਨ ਅੰਮ੍ਰਿਤਸਰ।
  3. ਭਾਈ ਕਾਨ੍ਹ ਸਿੰਘ, ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ।
  4. ਰਾਜਵੰਤ ਕੌਰ ਮਠਾੜੂ, ਬਾਣੀ ਗੁਰੂ ਅਰਜਨ ਦੇਵ : ਵਿਚਾਰਧਾਰਾ ਅਤੇ ਕਾਵਿ ਮੁਲਾਂਕਣ। ਰੂਹੀ ਪ੍ਰਕਾਸ਼ਨ ਅੰਮ੍ਰਿਤਸਰ।
  5. ਡਾ. ਮਹਿੰਦਰ ਕੌਰ ਗਿੱਲ, ਗੁਰੂ ਅਰਜਨ ਦੇਵ:ਜੀਵਨ ਤੇ ਰਚਨਾ। ਨੈਸ਼ਨਲ ਬੁੱਕ ਸ਼ਾਪ ਦਿੱਲੀ 1975
  6. ਡਾ. ਅੰਮ੍ਰਿਤ ਲਾਲ ਪਾਲ, ਗੁਰੂ ਅਰਜਨ ਦੇਵ: ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ਼, ਸਮਾਣਾ।
  7. ਡਾ. ਸਰਬਜਿੰਦਰ ਸਿੰਘ (ਸੰਪਾ), ਨਾਨਕ ਪ੍ਰਕਾਸ਼ ਪੱਤ੍ਰਿਕਾ, ਸ੍ਰੀ ਗੁਰੂ ਅਰਜਨ ਦੇਵ ਵਿਸ਼ੇਸ਼ ਅੰਕ, ਪੰਜਾਬੀ ਯੁਨੀਵਰਸਿਟੀ, ਪਟਿਆਲਾ।
  8. ਕਰਤਾਰ ਸਿੰਘ ਸੂਰੀ, ਗੁਰੂ ਅਰਜਨ ਦੇਵ ਕਲਾ ਤੇ ਚਿੰਤਨ, ਨਾਨਕ ਸਿੰਘ ਪ੍ਰਕਾਸ਼ਨ, ਚੰਡੀਗੜ੍ਹ।